ਕਬੱਡੀ: ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਫਾਈਨਲ ’ਚ
ਹਾਂਗਜ਼ੂ: ਭਾਰਤੀ ਪੁਰਸ਼ ਟੀਮ ਨੇ ਪਾਕਿਸਤਾਨ ਨੂੰ 61-14 ਅੰਕਾਂ ਅਤੇ ਭਾਰਤੀ ਮਹਿਲਾਵਾਂ ਨੇ ਨੇਪਾਲ ਨੂੰ 61-17 ਅੰਕਾਂ ਨਾਲ ਹਰਾ ਕੇ ਕਬੱਡੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਜਕਾਰਤਾ 2018 ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਤਕਨੀਕੀ ਤੌਰ ’ਤੇ ਪਾਕਿਸਤਾਨ ਤੋਂ ਬਿਹਤਰ ਸੀ। ਪਹਿਲੇ ਸੈਸ਼ਨ ਦੇ ਅਖ਼ੀਰ ਵਿੱਚ ਉਸ ਨੇ 30-5 ਦੀ ਲੀਡ ਬਣਾ ਲਈ। ਲਗਾਤਾਰ ਸੱਤ ਵਾਰ ਸੋਨ ਤਗ਼ਮਾ ਜੇਤੂ ਭਾਰਤੀ ਟੀਮ ਨੂੰ ਪਿਛਲੀ ਵਾਰ ਸੈਮੀਫਾਈਨਲ ਵਿੱਚ ਇਰਾਨ ਨੇ ਸ਼ਿਕਸਤ ਦਿੱਤੀ ਸੀ। ਹੁਣ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਇਰਾਨ ਜਾਂ ਚੀਨੀ ਤਾਇਪੈ ਨਾਲ ਹੋਵੇਗਾ। ਮਹਿਲਾ ਵਰਗ ਵਿੱਚ ਪਿਛਲੇ ਟੂਰਨਾਮੈਂਟ ਵਿੱਚ ਉਪ ਜੇਤੂ ਰਹੇ ਭਾਰਤ ਦੀ ਨੇਪਾਲ ’ਤੇ ਜਿੱਤ ਸੁਖਾਲੀ ਰਹੀ। ਪੂਜਾ ਹਾਥਵਾਲਾ ਅਤੇ ਪੁਸ਼ਪਾ ਰਾਣਾ ਨੇ ਰੇਡ ਵਿੱਚ ਅਗਵਾਈ ਕਰਦਿਆਂ ਮੈਚ ਦੇ ਅੱਧ ਤੱਕ ਭਾਰਤ ਨੂੰ 29-10 ਅੰਕਾਂ ਦੀ ਲੀਡ ਦਵਿਾਈ। ਭਾਰਤ ਨੇ ਮੈਚ ਦੌਰਾਨ ਨੇਪਾਲ ਨੂੰ ਪੰਜ ਵਾਰ ਆਲ ਆਊਟ ਕੀਤਾ। ਭਾਰਤੀ ਮਹਿਲਾ ਟੀਮ ਨੇ ਹੁਣ ਤੱਕ ਚਾਰ ਮੌਕਿਆਂ ’ਤੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਥਾਂ ਬਣਾਈ ਹੈ। -ਪੀਟੀਆਈ