ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ: ਚੰਡੀਗੜ੍ਹ, ਕੇਰਲਾ, ਪੁਡੂਚੇਰੀ, ਗੋਆ ਤੇ ਉਤਰਾਖੰਡ ਵੱਲੋਂ ਜਿੱਤਾਂ ਦਰਜ
ਹਾਕੀ ਪੰਜਾਬ ਵੱਲੋਂ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਜਾ ਰਹੀ 15ਵੀਂ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ ਚੰਡੀਗੜ੍ਹ, ਕੇਰਲਾ, ਲੀ ਪੁਡੂਚੇਰੀ, ਛੱਤੀਸਗੜ੍ਹ, ਗੋਆ ਅਤੇ ਉਤਰਾਖੰਡ ਨੇ ਜਿੱਤਾਂ ਦਰਜ ਕਰਦਿਆਂ ਤਿੰਨ-ਤਿੰਨ ਅੰਕ ਹਾਸਲ ਕੀਤੇ। ਇਹ ਚੈਂਪੀਅਨਸ਼ਿਪ ਸੂਬੇ ਵਿੱਚ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰ ਰਹੀ ਸੰਸਥਾ ਰਾਊਂਡ ਗਲਾਸ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਰਾਜਿੰਦਰ ਸਿੰਘ ਓਲੰਪੀਅਨ (ਸੀਨੀਅਰ) ਟੈਕਨੀਕਲ ਲੀਡ ਰਾਊਂਡ ਗਲਾਸ ਨੇ ਕਿਹਾ ਕਿ ਹਾਕੀ ਦੇ ਵਿਕਾਸ ਲਈ ਹਾਕੀ ਪੰਜਾਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਅੱਜ ਖੇਡੇ ਗਏ ਮੈਚਾਂ ਵਿੱਚ ਕੇਰਲਾ ਨੇ ਲਗਾਤਾਰ ਜਿੱਤ ਦਰਜ ਕਰਦਿਆਂ ਤਿਲੰਗਾਨਾ ਨੂੰ 8-3 ਗੋਲਾਂ ਨਾਲ ਹਰਾਇਆ। ਲੀ ਪੁਡੂਚੇਰੀ ਨੇ ਤ੍ਰਿਪੁਰਾ ਨੂੰ 4-0 ਨਾਲ ਜਦੋਂਕਿ ਛੱਤੀਸਗੜ੍ਹ ਨੇ ਗੁਜਰਾਤ ਨੂੰ 13-0 ਗੋਲਾਂ ਦੇ ਵੱਡੇ ਫਰਕ ਨਾਲ ਸ਼ਿਕਸਤ ਦਿੱਤੀ। ਗੋਆ ਨੇ ਰਾਜਸਥਾਨ ਨੂੰ 4-2 ਨਾਲ, ਚੰਡੀਗੜ੍ਹ ਨੇ ਜੰਮੂ ਕਸ਼ਮੀਰ ਨੂੰ 7-2 ਨਾਲ, ਉਤਰਾਖੰਡ ਨੇ ਬਿਹਾਰ ਨੂੰ 3-1 ਨਾਲ ਹਰਾਇਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਸਮੀਰ ਦਾਦ, ਹਾਕੀ ਕੋਚ ਅਵਤਾਰ ਸਿੰਘ ਪਿੰਕਾ, ਕੌਮਾਂਤਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਨਿਤਿਨ ਮਹਾਜਨ, ਜਤਿਨ ਮਹਾਜਨ, ਡਾ. ਬਲਜੀਤ ਕੌਰ ਅਤੇ ਲਖਵਿੰਦਰ ਪਾਲ ਸਿੰਘ ਖਹਿਰਾ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਗੁਨਦੀਪ ਸਿੰਘ ਕਪੂਰ, ਜਸਵਿੰਦਰ ਸਿੰਘ ਖਹਿਰਾ, ਗੁਰਮੀਤ ਸਿੰਘ, ਨਰਿੰਦਰ ਸਿੰਘ, ਅਸ਼ਫਾਕ ਉਲਾ ਖਾਨ, ਹਰਿੰਦਰ ਸੰਘਾ, ਸੁਖਬੀਰ ਸਿੰਘ, ਰਾਮ ਸਰਨ, ਅਜੀਤ ਸਿੰਘ, ਤੇਜਦੀਪ ਸਿੰਘ, ਜਸਵਿੰਦਰ ਕੁਕੂ, ਅਮਰੀਕ ਸਿੰਘ ਪੁਆਰ ਜਰਨਲ ਸਕੱਤਰ, ਨਿਤਿਨ ਕੋਹਲੀ ਪ੍ਰਧਾਨ, ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਭਲਕੇ ਵੀਰਵਾਰ ਨੂੰ ਹੋਣ ਵਾਲੇ ਮੈਚਾਂ ਵਿੱਚ ਦੁਪਹਿਰ 12 ਵਜੇ ਹਿਮਾਚਲ ਪ੍ਰਦੇਸ਼ ਬਨਾਮ ਜੰਮੂ ਕਸ਼ਮੀਰ, ਦੁਪਹਿਰ ਬਾਅਦ ਡੇਢ ਵਜੇ ਚੰਡੀਗੜ੍ਹ ਬਨਾਮ ਅਰੁਣਾਚਲ ਪ੍ਰਦੇਸ਼ ਅਤੇ ਤਿੰਨ ਵਜੇ ਉਤਰਾਖੰਡ ਬਨਾਮ ਅਸਾਮ ਖੇਡੇ ਜਾਣਗੇ।