ਯੂ ਐੱਫ ਸੀ ਅਮਰੀਕਾ ਵੱਲੋਂ ਅਬੂ ਧਾਬੀ ’ਚ ਕਰਵਾਈ ਗਈ ਪਹਿਲੀ ‘ਪਾਵਰ ਸਲੈਪ’ ਚੈਂਪੀਅਨਸ਼ਿਪ ਵਿੱਚ ਚਮਕੌਰ ਸਾਹਿਬ ਦੇ ਸਿੱਖ ਨੌਜਵਾਨ ਜੁਝਾਰ ਸਿੰਘ ‘ਟਾਈਗਰ’ ਨੇ ਰੂਸੀ ਖਿਡਾਰੀ ਐਂਟੀ ਗੁਲਸਕਾ ਨੂੰ ਹਰਾ ਕੇ ਪਹਿਲਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਚਮਕੌਰ ਸਾਹਿਬ ਦੇ ਵਾਰਡ ਨੰਬਰ-13 ਦੇ ਵਸਨੀਕ ਸੰਗਤ ਸਿੰਘ ਦੇ ਪੁੱਤਰ ਜੁਝਾਰ ਸਿੰਘ ਢਿੱਲੋਂ (ਜੁਝਾਰ ਟਾਈਗਰ) ਨੇ ਦੱਸਿਆ ਕਿ ਉਹ ਹੁਣ ਫਰਵਰੀ ਵਿੱਚ ਅਮਰੀਕਾ ’ਚ ਹੋਣ ਵਾਲੇ ਮੁਕਾਬਲਿਆਂ ’ਚ ਹਿੱਸਾ ਲਵੇਗਾ। ਜੁਝਾਰ ਨੇ ਦੱਸਿਆ ਕਿ 24 ਅਕਤੂਬਰ ਨੂੰ ਹੋਈ ਇਸ ਚੈਂਪੀਅਨਸ਼ਿਪ ਲਈ ਐੱਮ ਐੱਮ ਏ ਚੈਂਪੀਅਨ ਪੰਕਜ ਖੰਨਾ (ਦਿ ਬੁੱਲ) ਨੇ ਉਸ ’ਤੇ ਭਰੋਸਾ ਜਤਾਇਆ ਸੀ। ਰਿੰਗ ਵਿੱਚ ਉਤਰਨ ਤੋਂ ਪਹਿਲਾਂ ਉਸ ਨੇ ਅਰਦਾਸ ਕੀਤੀ ਅਤੇ ਸਰਦਾਰ ਹਰੀ ਸਿੰਘ ਨਲੂਆ ਦੀ ਵਾਰ ਪੜ੍ਹੀ, ਜਿਸ ਨਾਲ ਉਸ ਅੰਦਰ ਨਿਵੇਕਲਾ ਜੋਸ਼ ਭਰ ਗਿਆ। ਉਸ ਦੇ ਜ਼ਬਰਦਸਤ ਥੱਪੜਾਂ (ਸਲੈਪਸ) ਨੇ ਵਿਰੋਧੀ ਖਿਡਾਰੀ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ।
ਖਿਤਾਬ ਜਿੱਤਣ ਤੋਂ ਬਾਅਦ ਉਸ ਨੇ ਰਿੰਗ ਵਿੱਚ ਭੰਗੜਾ ਪਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਜੁਝਾਰ ਸਿੰਘ ਟਾਈਗਰ ਇਸ ਤੋਂ ਪਹਿਲਾਂ ਐੱਮ ਐੱਮ ਏ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਜਿੱਤ ਚੁੱਕਾ ਹੈ ਅਤੇ ਉਹ ਵਧੀਆ ਪਹਿਲਵਾਨ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਜਿੱਤ ਤੋਂ ਬਾਅਦ ਵੱਡੀ ਗਿਣਤੀ ਲੋਕ ਉਸ ਦੇ ਸਥਾਨਕ ਘਰ ਵਿੱਚ ਵਧਾਈਆਂ ਦੇਣ ਪੁੱਜ ਰਹੇ ਹਨ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਇਹ ਇਤਿਹਾਸਕ ਨਗਰੀ ਚਮਕੌਰ ਸਾਹਿਬ ਲਈ ਬਹੁਤ ਮਾਣ ਵਾਲੀ ਗੱਲ ਹੈ। ਉਸ ਦਾ ਇਲਾਕੇ ਵਿੱਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਜਾਵੇਗਾ।

