ਜੂਡੋ: ਤੁਲਿਕਾ ਮਾਨ ਕਾਂਸੀ ਦੇ ਤਗਮੇ ਤੋਂ ਖੁੰਝੀ
ਹਾਂਗਜ਼ੂ, 26 ਸਤੰਬਰ
ਭਾਰਤ ਦੀ ਤੁਲਿਕਾ ਮਾਨ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਜੂਡੋ ਮੁਕਾਬਲੇ ਵਿੱਚ ਮਹਿਲਾਵਾਂ ਦੇ 78+ ਕਿਲੋਗ੍ਰਾਮ ਦੇ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ਼ ਵਿੱਚ ਮੰਗੋਲੀਆ ਦੀ ਅਮਾਰਾਇਖਾਨ ਆਦਿਯਾਸੁਰੇਨ ਤੋਂ ਹਾਰ ਕੇ ਤਗ਼ਮੇ ਤੋਂ ਖੁੰਝ ਗਈ। ਰਾਸ਼ਟਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਦਿੱਲੀ ਦੀ 25 ਸਾਲਾ ਤੁਲਿਕਾ ਨੂੰ ਇੱਥੇ ਆਦਿਯਾਸੁਰੇਨ ਤੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਤੁਲਿਕਾ ਨੇ ਮਕਾਊ ਦੀ ਕਿੰਗ ਲਾਮ ਲਾਈ ਨੂੰ ਇਪੋਨ ਰਾਹੀਂ ਸਿਰਫ 15 ਸੈਕਿੰਡਾਂ ਵਿੱਚ 10-0 ਨਾਲ ਹਰਾਇਆ ਸੀ। ਹਾਲਾਂਕਿ ਕੁਆਰਟਰ ਫਾਈਨਲ ’ਚ ਭਾਰਤੀ ਖਿਡਾਰਨ ਨੂੰ ਜਾਪਾਨ ਦੀ ਵਾਕਾਬਾ ਤੋਮਿਤਾ ਤੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਗਰੋਂ ਰੇਪੇਚੇਜ ਗੇੜ ਵਿੱਚ ਚੀਨੀ ਤੈਪੇਈ ਦੀ ਜੀਆ ਵੇਨ ਸਾਈ ਨੂੰ ਇਪੋਨ ਜ਼ਰੀਏ 10-0 ਨਾਲ ਹਰਾਉਣ ਮਗਰੋਂ ਤੁਲਿਕਾ ਕੋਲ ਕਾਂਸੀ ਦਾ ਤਗਮਾ ਜਿੱਤਣ ਦਾ ਮੌਕਾ ਸੀ। ਕੁਆਰਟਰ ਫਾਈਨਲ ਵਿੱਚ ਹਾਰਨ ਵਾਲੇ ਖਿਡਾਰੀ ਨੂੰ ਰੇਪੇਚੇਜ ਗੇੜ ਵਿੱਚ ਥਾਂ ਮਿਲਦੀ ਹੈ। ਇਸ ਤੋਂ ਪਹਿਲਾਂ ਇੰਦੂਬਾਲਾ ਦੇਵੀ ਮੋਇਬਾਮ ਨੂੰ ਮਹਿਲਾ ਅੰਡਰ-78 ਕਿਲੋਗ੍ਰਾਮ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਇਕੁਮੀ ਓਏਦਾ ਤੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਪੁਰਸ਼ਾਂ ਦੇ 100 ਕਿਲੋਗ੍ਰਾਮ ਵਰਗ ਵਿੱਚ ਅਵਤਾਰ ਸਿੰਘ ਨੂੰ ਸੱਟ ਕਾਰਨ ਕੁਆਰਟਰ ਫਾਈਨਲ ਅਤੇ ਰੇਪੇਚੇਜ ਮੁਕਾਬਲੇ ’ਚੋਂ ਹਟਣਾ ਪਿਆ। ਅਵਤਾਰ ਨੇ ਪ੍ਰੀ-ਕੁਆਰਟਰ ਫਾਈਨਲ ’ਚ ਥਾਈਲੈਂਡ ਦੇ ਕਿਟੀਪੋਂਗ ਹੇਨਤ੍ਰਾਤਿਨ ਨੂੰ ਵਾਜ਼ਾ-ਆਰੀ ਜ਼ਰੀਏ 1-0 ਨਾਲ ਹਰਾਇਆ ਸੀ। ਮਗਰੋਂ ਅਵਤਾਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਸੱਟ ਲੱਗ ਗਈ ਜਿਸ ਕਾਰਨ ਉਸ ਨੂੰ ਆਖਰੀ ਅੱਠ ਦੇ ਮੁਕਾਬਲੇ ’ਚੋਂ ਹਟਣ ਲਈ ਮਜਬੂਰ ਹੋਣਾ ਪਿਆ ਅਤੇ ਯੂਏਈ ਦੇ ਜ਼ਾਫਰ ਕੋਸਤੋਏਵ ਨੂੰ ਵਾਕਓਵਰ ਮਿਲਿਆ। -ਪੀਟੀਆਈ