DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾਇਆ

ਬੰਗਲੂਰੂ ਲਈ ਕੋਹਲੀ ਤੇ ਪਾਟੀਦਾਰ ਨੇ ਜੜੇ ਨੀਮ ਸੈਂਕੜੇ; ਕੋਹਲੀ ਟੀ-20 ਕ੍ਰਿਕਟ ਵਿੱਚ 13,000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਬਣਿਆ
  • fb
  • twitter
  • whatsapp
  • whatsapp
featured-img featured-img
ਰੌਇਲ ਚੈਲੇਂਜਰਜ਼ ਬੰਗਲੂਰੂ ਦਾ ਬੱਲੇਬਾਜ਼ ਵਿਰਾਟ ਕੋਹਲੀ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈ
Advertisement

ਮੁੰਬਈ, 7 ਅਪਰੈਲ

ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਨੇ ਅੱਜ ਇਥੇ ਇਕ ਰੋਮਾਂਚਕ ਮੁਕਾਬਲੇ ਵਿਚ ਮੇਜ਼ਬਾਨ ਮੁੰਬਈ ਇੰਡੀਅਨਜ਼ ਦੀ ਟੀਮ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਟੀਮ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 209 ਦੌੜਾਂ ਹੀ ਬਣਾ ਸਕੀ।  ਮੁੰਬਈ ਲਈ ਤਿਲਕ ਵਰਮਾ ਨੇ 29 ਗੇਂਦਾਂ ਵਿਚ 56 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਕਪਤਾਨ ਹਾਰਦਿਕ ਪੰਡਿਆ ਨੇ 15 ਗੇਂਦਾਂ ਵਿਚ 42 ਦੌੜਾਂ (3 ਚੌਕੇ ਤੇ 4 ਛੱਕੇ) ਬਣਾਈਆਂ। ਹੋਰਨਾਂ ਬੱਲੇਬਾਜ਼ਾਂ ਵਿਚ ਸੂਰਿਆ ਕੁਮਾਰ ਯਾਦਵ ਨੇ 28, ਵਿਲ ਜੈਕਸ ਨੇ 22 ਅਤੇ ਰਿਆਲ ਰਿਕਲਟਨ ਤੇ ਰੋਹਿਤ ਸ਼ਰਮਾ ਨੇ 17-17 ਦੌੜਾਂ ਦਾ ਯੋਗਦਾਨ ਪਾਇਆ। ਬੰਗਲੂਰੂ ਲਈ ਕਰੂਨਾਲ ਪੰਡਿਆ ਨੇ 4, ਜੋਸ਼ ਹੇਜ਼ਲਵੁੱਡ ਤੇ ਯਸ਼ ਦਿਆਲ ਨੇ ਦੋ ਦੋ ਤੇ ਇਕ ਵਿਕਟ ਭੁਵਨੇਸ਼ਵਰ ਕੁਮਾਰ ਨੇ ਲਈ।

Advertisement

ਇਸ ਤੋਂ ਪਹਿਲਾਂ ਵਿਰਾਟ ਕੋਹਲੀ (67) ਤੇ ਕਪਤਾਨ ਰਜਤ ਪਾਟੀਦਾਰ (64) ਦੇ ਤੇਜ਼ਤਰਾਰ ਨੀਮ ਸੈਂਕੜਿਆਂ ਦੀ ਬਦੌਲਤ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਮੇਜ਼ਬਾਨ ਮੁੰਬਈ ਇੰਡੀਅਨਜ਼ (MI) ਦੀ ਟੀਮ ਨੂੰ ਜਿੱਤ ਲਈ 222 ਦੌੜਾਂ ਦਾ ਟੀਚਾ ਦਿੱਤਾ ਹੈ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਮਹਿਮਾਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਬੰਗਲੂਰੂ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ 221 ਦੌੜਾਂ ਬਣਾਈਆਂ।

ਕੋਹਲੀ ਨੇ 42 ਗੇਂਦਾਂ ਵਿਚ 67 ਦੌੜਾਂ ਦੀ ਪਾਰੀ ਖੇਡੀ। ਮੁੰਬਈ ਦੀ ਟੀਮ ਲਈ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ 4 ਓਵਰਾਂ ਵਿਚ 29 ਦੌੜਾਂ ਦਿੱਤੀਆਂ, ਪਰ ਤੇਜ਼ ਗੇਂਦਬਾਜ਼ ਨੂੰ ਕੋਈ ਵਿਕਟ ਨਹੀਂ ਮਿਲੀ। ਮੈਚ ਦੌਰਾਨ ਵਿਰਾਟ ਕੋਹਲੀ ਟੀ-20 ਕ੍ਰਿਕਟ ਵਿੱਚ 13,000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਬਣਿਆ। ਕੋਹਲੀ ਨੇ ਇਸ ਆਈਪੀਐਲ ਸੀਜ਼ਨ ਦਾ ਆਪਣਾ ਦੂਜਾ ਨੀਮ ਸੈਂਕੜਾ ਲਗਾਇਆ ਅਤੇ ਇਸ ਤਰ੍ਹਾਂ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ 13,000 ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪੰਜਵਾਂ ਬੱਲੇਬਾਜ਼ ਬਣ ਗਿਆ।

ਰੋਇਲ ਚੈਲੇਂਜਰਜ਼ ਬੰਗਲੂਰੂ ਦਾ ਕਪਤਾਨ ਰਜਤ ਪਾਟੀਦਾਰ ਨੀਮ ਸੈਂਕੜਾ ਜੜਨ ਦਾ ਜਸ਼ਨ ਮਨਾਉਂਦਾ ਹੋਇਆ। ਫੋਟੋ: ਪੀਟੀਆਈ

ਪਾਟੀਦਾਰ ਦੀਆਂ 32 ਗੇਂਦਾਂ ਵਿਚ 64 ਦੌੜਾਂ (ਪੰਜ ਚੌਕੇ ਤੇ ਚਾਰ ਛੱਕੇ) ਤੇ ਜਿਤੇਸ਼ ਸ਼ਰਮਾ ਦੀਆਂ 19 ਗੇਂਦਾਂ ਵਿਚ 40 ਦੌੜਾਂ (2 ਚੌਕੇ ਤੇ ਚਾਰ ਛੱਕੇ) ਨੇ ਟੀਮ ਦੇ ਸਕੋਰ ਨੂੰ ਦੋ ਸੌ ਦੇ ਪਾਰ ਪਹੁੰਚਾਇਆ। ਹੋਰਨਾਂ ਬੱਲੇਬਾਜ਼ਾਂ ਵਿਚ ਦੇਵਦੱਤ ਪੜੀਕਲ ਨੇ 22 ਗੇਂਦਾਂ ਵਿਚ 37 ਦੌੜਾਂ ਜਦੋਂਕਿ ਫਿਲ ਸਾਲਟ ਚਾਰ ਦੌੜਾਂ ਹੀ ਬਣਾ ਸਕਿਆ।

ਕੋਹਲੀ ਤੇ ਪੜੀਕਲ ਦੀ ਤੇਜ਼ਤਰਾਰ ਬੱਲੇਬਾਜ਼ੀ ਸਦਕਾ ਰੌਇਲ ਚੈਲੇਂਜਰਜ਼ ਦੀ ਟੀਮ ਪਾਵਰਪਲੇਅ ਦੇ 6 ਓਵਰਾਂ ਵਿਚ ਆਪਣਾ ਹੁਣ ਤੱਕ ਦਾ ਸਰਵੋਤਮ ਸਕੋਰ 72/1 ਬਣਾਉਣ ਵਿਚ ਕਾਮਯਾਬ ਰਹੀ। ਟੀਮ ਨੇ ਪਾਵਰਪਲੇਅ ਦੇ ਆਖਰੀ ਓਵਰ ਵਿਚ 20 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਲਈ ਟਰੈਂਟ ਬੋਲਟ ਤੇ ਹਾਰਦਿਕ ਪੰਡਿਆ ਨੇ ਦੋ ਦੋ ਜਦੋਂਕਿ ਇਕ ਵਿਕਟ ਵਿਗਨੇਸ਼ ਪੁਥੁਰ ਨੇ ਲਈ। ਪੀਟੀਆਈ

Advertisement
×