IPL Reschedule 2025: ਆਈਪੀਐੱਲ ਸ਼ਡਿਊਲ ’ਚ ਵੱਡਾ ਬਦਲਾਅ, ਸੁਰੱਖਿਆ ਕਾਰਨਾਂ ਕਰਕੇ ਕੋਲਕਾਤਾ ’ਚ ਨਹੀਂ ਹੋਵੇਗਾ ਮੈਚ
ਕੋਲਕਾਤਾ, 20 ਮਾਰਚ
IPL Reschedule: ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ਦੇ ਪ੍ਰਧਾਨ ਸਨੇਹਾਸ਼ੀਸ਼ ਗਾਂਗੂਲੀ ਨੇ ਦੱਸਿਆ ਕਿ ਕੋਲਕਾਤਾ ਨਾਈਟਰਾਈਡਰਜ਼ (KKR) ਦਾ 6 ਅਪਰੈਲ ਨੂੰ ਲਖਨਊ ਸੁਪਰ ਜਾਇੰਟਸ (LSG) ਖਿਲਾਫ਼ ਹੋਣ ਵਾਲਾ ਘਰੇਲੂ ਮੈਚ ਕੋਲਕਾਤਾ ਦੀ ਥਾਂ ਗੁਹਾਟੀ ਵਿਚ ਖੇਡੇ ਜਾਣ ਦੇ ਆਸਾਰ ਹਨ। ਪੁਲੀਸ ਨੇ ਸ਼ਹਿਰ ਵਿਚ ਇਸ ਦਿਨ ‘ਰਾਮਨੌਮੀ’ ਕਰਕੇ ਆਈਪੀਐੱਲ ਲਈ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਮਰੱਥਾ ਜ਼ਾਹਿਰ ਕੀਤੀ ਹੈ। ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਤਿਓਹਾਰ ਮਨਾਉਣ ਲਈ ਪੱਛਮੀ ਬੰਗਾਲ ਵਿਚ 20,000 ਤੋਂ ਵੱਧ ਸਮਾਗਮ ਕੀਤੇ ਜਾ ਰਹੇ ਹਨ।
ਗਾਂਗੂਲੀ ਨੇ ਕਿਹਾ ਕਿ ਉਨ੍ਹਾਂ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੂੰ ਮੈਚ ਕਿਸੇ ਹੋਰ ਦਿਨ ਕਰਵਾਉਣ ਬਾਰੇ ਸੂਚਿਤ ਕੀਤਾ ਹੈ, ਹਾਲਾਂਕਿ ਇਸ ਬਾਰੇ ਕੋਈ ਗੁੰਜਾਇਸ਼ ਨਹੀਂ ਹੈ। ਹੁਣ ਸੁਣਨ ਵਿਚ ਆਇਆ ਹੈ ਕਿ ਇਸ ਮੈਚ ਨੂੰ ਗੁਹਾਟੀ ਤਬਦੀਲ ਕੀਤਾ ਜਾ ਰਿਹਾ ਹੈ। ਉਧਰ ਆਈਪੀਐੱਲ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਆਈਪੀਐੱਲ ਦੇ ਪਿਛਲੇ ਸੀਜ਼ਨ ਦੌਰਾਨ ਵੀ ਰਾਮਨੌਮੀ ਮੌਕੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਰਕੇ ਕੇੇਕੇਆਰ ਤੇ ਰਾਜਸਥਾਨ ਰੌਇਲਜ਼ ਵਿਚਾਲੇ ਮੈਚ ਦੀ ਤਰੀਕ ਬਦਲਣੀ ਪਈ ਸੀ।
ਗਾਂਗੂਲੀ ਨੇ ਕਿਹਾ, ‘‘ਮੈਂ ਕੋਲਕਾਤਾ ਪੁਲੀਸ ਨਾਲ ਕਈ ਗੇੜਾਂ ਦੀ ਗੱਲਬਾਤ ਕੀਤੀ ਤੇ ਉਨ੍ਹਾਂ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਮਰੱਥਾ ਜਤਾਈ ਹੈ। ਜੇ ਪੁਲੀਸ ਸੁਰੱਖਿਆ ਨਾ ਮਿਲੀ ਤਾਂ 65,000 ਦਰਸ਼ਕਾਂ ਦੇ ਹਜੂਮ ਨੂੰ ਸੰਭਾਲਣਾ ਔਖਾ ਹੋ ਜਾਵੇਗਾ।’’ -ਪੀਟੀਆਈ