ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤੀ ਮਹਿਲਾ ਟੀਮ ਨੇ ਪਹਿਲਾ ਇੱਕ ਦਿਨਾ ਮੈਚ ਜਿੱਤਿਆ

ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ; ਦੀਪਤੀ ਸ਼ਰਮਾ ਨੇ ਨਾਬਾਦ ਨੀਮ ਸੈਂਕਡ਼ਾ ਜਡ਼ਿਆ
ਭਾਰਤੀ ਬੱਲੇਬਾਜ਼ ਦੀਪਤੀ ਸ਼ਰਮਾ ਸ਼ਾਟ ਜੜਦੀ ਹੋਈ। -ਫੋਟੋ: ਪੀਟੀਆਈ
Advertisement

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੀਪਤੀ ਸ਼ਰਮਾ ਦੇ ਸ਼ਾਨਦਾਰ ਨਾਬਾਦ ਨੀਮ ਸੈਂਕੜੇ ਸਦਕਾ ਇੱਥੇ ਪਹਿਲੇ ਇੱਕ ਦਿਨਾ ਮੈਚ ’ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਦੀਪਤੀ ਨੇ 64 ਗੇਂਦਾਂ ’ਤੇ ਤਿੰਨ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 62 ਦੌੜਾਂ ਦੀ ਪਾਰੀ ਖੇਡੀ, ਜਿਸ ਸਦਕਾ ਭਾਰਤ ਨੇ ਜਿੱਤ ਲਈ 259 ਦੌੜਾਂ ਦੀ ਟੀਚਾ 10 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਇਸ ਨਾਲ ਭਾਰਤ ਨੇ ਇੱਕ ਦਿਨਾ ਕ੍ਰਿਕਟ ਵਿਸ਼ਵ ਕੱਪ ਲਈ ਆਪਣੀ ਤਿਆਰੀ ਦੀ ਚੰਗੀ ਸ਼ੁਰੂਆਤ ਕੀਤੀ ਹੈ। ਦੀਪਤੀ ਨੇ ਮੈਚ ਦੌਰਾਨ ਜੈਮੀਮਾ ਰੌਡਰਿਗਜ਼ (48 ਦੌੜਾਂ) ਨਾਲ ਪੰਜਵੀਂ ਵਿਕਟ ’ਤੇ 90 ਦੌੜਾਂ ਭਾਈਵਾਲੀ ਕੀਤੀ।

ਆਖਰੀ ਓਵਰਾਂ ’ਚ ਹਰਫਨਮੌਲਾ ਅਮਨਜੋਤ ਕੌਰ ਨੇ 20 ਦੌੜਾਂ ਬਣਾਉਂਦਿਆਂ ਟੀਮ ਦੀ ਜਿੱਤ ’ਚ ਅਹਿਮ ਯੋਗਦਾਨ ਪਾਇਆ। ਭਾਰਤ ਵੱਲੋਂ ਪ੍ਰਤਿਕਾ ਰਾਵਲ ਨੇ 36 ਦੌੜਾਂ, ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ 28, ਹਰਲੀਨ ਦਿਓਲ ਨੇ 27 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 17 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸੀ. ਡੀਨ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਖਰਾਬ ਸ਼ੁਰੂਆਤ ਤੋਂ ਉੱਭਰਿਆਂ ਐੱਨ.ਸੀ. ਬਰੰਟ ਦੀਆਂ 41, ਸੋਫੀਆ ਡੰਕਲੇ ਦੀਆਂ 83, ਡੇੇਵਿਡਸਨ ਰਿਚਰਡ ਦੀਆਂ 53 ਤੇ ਸੋਫੀ ਐਕਲੇਸਟੋਨ ਦੀਆਂ 23 ਦੌੜਾਂ ਸਦਕਾ 50 ਓਵਰਾਂ ’ਚ ਛੇ ਵਿਕਟਾਂ ਗੁਆ ਕੇ 258 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਕ੍ਰਾਂਤੀ ਗੌੜ ਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਅਮਨਜੋਤ ਕੌਰ ਤੇ ਐੱਸ. ਚਰਨੀ ਨੂੰ ਇੱਕ-ਇੱਕ ਵਿਕਟ ਮਿਲੀ। ਸ਼ਾਨਦਾਰ ਪ੍ਰਦਰਸ਼ਨ ਬਦਲੇ ਦੀਪਤੀ ਸ਼ਰਮਾ ‘ਪਲੇਅਰ ਆਫ ਦਿ ਮੈਚ’ ਚੁਣੀ ਗਈ।

Advertisement

Advertisement