ਮਹਿਲਾ ਕ੍ਰਿਕਟ: ਆਸਟਰੇਲੀਆ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ
282 ਦੌਡ਼ਾਂ ਦਾ ਟੀਚਾ 44.1 ਓਵਰਾਂ ’ਚ ਕੀਤਾ ਪੂਰਾ; ਲਿਚਫੀਲਡ, ਮੂਨੀ ਤੇ ਸਦਰਲੈਂਡ ਨੇ ਜਡ਼ੇ ਨੀਮ ਸੈਂਕਡ਼ੇ
ਆਸਟਰੇਲੀਆ ਨੇ ਅੱਜ ਨਿਊ ਚੰਡੀਗੜ੍ਹ ਦੇ ਪੀ ਸੀ ਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਨਿਰਧਾਰਿਤ 50 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇ 281 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਆਸਟਰੇਲੀਆ ਨੇ 44.1 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 282 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਆਸਟਰੇਲੀਆ ਦੀ ਫੋਬੀ ਲਿਚਫੀਲਡ ਨੇ 80 ਗੇਂਦਾਂ ਵਿਚ 14 ਚੌਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਇਸੇ ਤਰ੍ਹਾਂ ਬੈੱਥ ਮੂਨੀ 77 ਤੇ ਐਨਾਬਲ ਸਦਰਲੈਂਡ 54 ਦੌੜਾਂ ਬਣਾ ਕੇ ਨਾਬਾਦ ਰਹੀਆਂ। ਕਪਤਾਨ ਐਲਿਸਾ ਹੀਲੀ ਨੇ 27 ਤੇ ਐਲਿਸਾ ਪੈਰੀ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਦੋਹਾਂ ਟੀਮਾਂ ਵਿਚਾਲੇ ਦੂਜਾ ਮੈਚ 17 ਸਤੰਬਰ ਨੂੰ ਨਿਊ ਚੰਡੀਗੜ੍ਹ ਦੇ ਪੀ ਸੀ ਏ ਸਟੇਡੀਅਮ ਵਿੱਚ ਹੀ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਭਾਰਤ ਨੇ ਸੱਤ ਵਿਕਟਾਂ ’ਤੇ 281 ਦੌੜਾਂ ਬਣਾਈਆਂ ਸਨ। ਭਾਰਤ ਲਈ ਪ੍ਰਤਿਕਾ ਰਾਵਲ ਨੇ 64, ਸਮ੍ਰਿਤੀ ਮੰਧਾਨਾ ਨੇ 58, ਹਰਲੀਨ ਦਿਓਲ ਨੇ 54, ਰਿਚਾ ਘੋਸ਼ ਨੇ 25, ਦੀਪਤੀ ਸ਼ਰਮਾ ਨੇ ਨਾਬਾਦ 20, ਰਾਧਾ ਯਾਦਵ ਨੇ 19, ਜੈਮਿਮਾ ਰੌਡਰਿਗਜ਼ ਨੇ 18 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 11 ਦੌੜਾਂ ਬਣਾਈਆਂ।
ਮਾਨ ਵੱਲੋਂ ਹਰਮਨਪ੍ਰੀਤ ਕੌਰ ਦਾ ਸਨਮਾਨ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਅੱਜ ਨਿਊ ਚੰਡੀਗੜ੍ਹ ਦੇ ਪੀ ਸੀ ਏ ਸਟੇਡੀਅਮ ’ਚ ਅਪਾਣਾ 150ਵਾਂ ‘ਇੱਕ ਰੋਜ਼ਾ’ ਮੈਚ ਖੇਡਿਆ। ਇਸ ਪ੍ਰਾਪਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਡੀਅਮ ’ਚ ਪਹੁੰਚ ਕੇ ਪੀ ਸੀ ਏ ਵੱਲੋਂ ਉਸ ਦਾ ਸਨਮਾਨ ਕੀਤਾ ਅਤੇ ਉਸ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮੁੱਖ ਮੰਤਰੀ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਮੀਤ ਪ੍ਰਧਾਨ ਦੀਪਕ ਬਾਲੀ ਅਤੇ ਹੋਰ ਅਹੁਦੇਦਾਰ ਮੌਜੂਦ ਸਨ। ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਵੀ ਮੈਚ ਦੇਖਣ ਪਹੁੰਚੇ ਹੋਏ ਸਨ।

