ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਤੈਰਾਕਾਂ ਨੇ ਨਿਰਾਸ਼ ਕੀਤਾ
ਦੋਹਾ ਵਿੱਚ ਚੱਲ ਰਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਭਾਰਤੀ ਤੈਰਾਕਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਭਾਰਤ ਦਾ ਕੋਈ ਵੀ ਤੈਰਾਕ ਆਪਣੀ ਹੀਟ ਤੋਂ ਅੱਗੇ ਨਹੀਂ ਵਧ ਸਕਿਆ। ਤਜਰਬੇਕਾਰ ਸਾਜਨ ਪ੍ਰਕਾਸ਼ ਆਪਣੇ ਮਨਪਸੰਦ 200 ਮੀਟਰ ਬਟਰਫਲਾਈ ਮੁਕਾਬਲੇ ਵਿੱਚ 24ਵੇਂ ਸਥਾਨ ’ਤੇ ਰਿਹਾ ਅਤੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਪ੍ਰਕਾਸ਼ ਨੇ 1:59.33 ਸੈਕਿੰਡ ਦਾ ਸਮਾਂ ਲਿਆ। ਇਸ ’ਚੋਂ ਸਿਖਰਲੇ 16 ਤੈਰਾਕ ਸੈਮੀਫਾਈਨਲ ਵਿੱਚ ਪਹੁੰਚੇ ਹਨ। ਇਸ ਨਤੀਜੇ ਨਾਲ 31 ਸਾਲਾ ਪ੍ਰਕਾਸ਼ ਦੀ ਮੌਜੂਦਾ ਚੈਂਪੀਅਨਸ਼ਿਪ ਵਿੱਚ ਮੁਹਿੰਮ ਖਤਮ ਹੋ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਹ 200 ਮੀਟਰ ਫ੍ਰੀਸਟਾਈਲ ਵਿੱਚ 43ਵੇਂ ਸਥਾਨ ’ਤੇ ਰਿਹਾ ਸੀ। ਪੁਰਸ਼ਾਂ ਦੇ 800 ਮੀਟਰ ਫ੍ਰੀਸਟਾਈਲ ਵਿੱਚ ਆਰੀਅਨ ਨਹਿਰਾ 8:21.30 ਸੈਕਿੰਡ ਸਮੇਂ ਨਾਲ 23ਵੇਂ ਸਥਾਨ ’ਤੇ ਰਿਹਾ। ਇਸ ’ਚੋਂ ਸਿਰਫ਼ ਸਿਖਰਲੇ ਅੱਠ ਤੈਰਾਕ ਹੀ ਫਾਈਨਲ ਵਿੱਚ ਪਹੁੰਚੇ। ਨਹਿਰਾ ਨੇ ਚੈਂਪੀਅਨਸ਼ਿਪ ਦੇ ਪਿਛਲੇ ਸੀਜ਼ਨ (2023) ਵਿੱਚ 08:00.76 ਸੈਕਿੰਡ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਸੀ।