ਆਸਟਰੇਲੀਆ ’ਚ ਭਾਰਤੀ ਮੂਲ ਦੀਆਂ ਖਿਡਾਰਨਾਂ ਦੀ ਝੰਡੀ
ਆਸਟਰੇਲੀਆ ਸਕੂਲ ਕ੍ਰਿਕਟ ਸਪੋਰਟਸ ਅਸੋਸੀਏਸ਼ਨ ਵਲੋਂ ਕੌਮੀ ਪੱਧਰ ਦੀ ਕਰਵਾਈ ਗਈ ਸਕੂਲ ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ-2025 (ਲੜਕੀਆਂ) ਵਿੱਚ ਸਾਊਥ ਆਸਟਰੇਲੀਆ ਦੀ ਅੰਡਰ-12 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਪਿਛਲੇ 27 ਸਾਲਾਂ ਦਾ ਰਿਕਾਰਡ ਤੋੜਿਆ ਹੈ। ਟੀਮ ਵਿੱਚ ਭਾਰਤੀ ਮੂਲ ਦੀਆਂ ਤਿੰਨ ਖਿਡਾਰਨਾਂ, ਗੋਪਿਕਾ ਪੰਡਿਤ (ਜਲੰਧਰ), ਜਪਲੀਨ ਕੌਰ (ਜਲੰਧਰ) ਤੇ ਸੀਆ (ਮੁੰਬਈ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਿੰਨੇ ਖਿਡਾਰਨਾਂ ਇੱਥੇ ਐਡੀਲੇਡ ਵਿੱਚ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੀਆਂ ਹਨ।
ਆਸਟਰੇਲੀਆ ਸਕੂਲ ਕ੍ਰਿਕਟ ਸਪੋਰਟਸ ਸਾਊਥ ਦੇ ਕੋਚ ਡੈਨੀਅਲ ਮਰਡੌਕ ਨੇ ਦੱਸਿਆ ਕਿ ਸਕੂਲ ਸਪੋਰਟਸ ਕ੍ਰਿਕਟ ਐਸੋਸੀਏਸ਼ਨ ਆਫ ਆਸਟਰੇਲੀਆ ਵਲੋਂ ਸਕੂਲ ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਸੂਬਾ ਸਾਊਥ ਆਸਟਰੇਲੀਆ ਦੇ (ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ) ਅੰਡਰ-12 ਲੜਕੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕ੍ਰਿਕਟ ਮੈਚ ਟੀ-20 ਫਾਰਮੈਟ ਵਿੱਚ ਕ੍ਰਮਵਾਰ 6 ਮੈਚਾਂ ਵਿੱਚੋਂ 5 ਮੈਚ ਜਿੱਤੇ ਹਨ।
