ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲਾ ਸੋਨ ਤਗ਼ਮਾ ਫੁੰਡਿਆ
ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਐਤਵਾਰ ਨੂੰ ਇੱਥੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਜਯੋਤੀ ਸੁਰੇਖਾ ਵੇਨਮ ਅਤੇ ਰਿਸ਼ਭ ਯਾਦਵ ਦੀ ਮਿਕਸਡ ਟੀਮ ਨੂੰ ਫਾਈਨਲ ਵਿੱਚ ਨੀਦਰਲੈਂਡਜ਼ ਤੋਂ 155-157 ਨਾਲ ਹਾਰਨ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਹਾਲਾਂਕਿ 23 ਸਾਲਾ ਰਿਸ਼ਭ ਨੇ ਜਲਦੀ ਹੀ ਬਿਹਤਰ ਪ੍ਰਦਰਸ਼ਨ ਕੀਤਾ।
ਉਸ ਨੇ ਅਮਨ ਸੈਣੀ ਅਤੇ ਪ੍ਰਥਮੇਸ਼ ਫੁਗੇ ਨਾਲ ਮਿਲ ਕੇ ਪੁਰਸ਼ ਕੰਪਾਊਂਡ ਟੀਮ ਦੇ ਟਾਈਟਲ ਮੈਚ ਵਿੱਚ ਭਾਰਤ ਨੂੰ ਫਰਾਂਸ ਉੱਤੇ 235-233 ਦੀ ਰੋਮਾਂਚਕ ਜਿੱਤ ਦਿਵਾਈ। ਤਿੰਨ ਸੈੱਟਾਂ ਤੋਂ ਬਾਅਦ ਸਕੋਰ 176-176 ’ਤੇ ਬਰਾਬਰ ਸੀ ਪਰ ਦੂਜਾ ਦਰਜਾ ਪ੍ਰਾਪਤ ਭਾਰਤੀ ਟੀਮ ਨੇ ਫੈਸਲਾਕੁਨ ਦੌਰ ਵਿੱਚ ਆਪਣਾ ਸੰਜਮ ਬਣਾਈ ਰੱਖਿਆ ਅਤੇ ਫਰਾਂਸ ਦੇ 57 ਦੇ ਸਕੋਰ ਖਿਲਾਫ਼ 59 ਦਾ ਸਕੋਰ ਕਰਕੇ ਇਤਿਹਾਸਕ ਸੋਨ ਤਗਮਾ ਜਿੱਤਿਆ। ਭਾਰਤ ਨੇ ਫਾਈਨਲ ਤੱਕ ਦੀ ਆਪਣੀ ਯਾਤਰਾ ਵਿੱਚ ਆਸਟਰੇਲੀਆ, ਅਮਰੀਕਾ ਅਤੇ ਤੁਰਕੀ ਉੱਤੇ ਪ੍ਰਭਾਵਸ਼ਾਲੀ ਜਿੱਤਾਂ ਦਰਜ ਕੀਤੀਆਂ ਸਨ।