ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਪੰਜ ਮੈਚਾਂ ਦੀ ਲੜੀ ਲਈ 26 ਸਤੰਬਰ ਤੋਂ ਆਸਟਰੇਲੀਆ ਦੌਰਾ ਕਰੇਗੀ। ਕੋਚ ਤੁਸ਼ਾਰ ਖਾਂਡੇਕਰ ਨੇ ਕਿਹਾ ਕਿ ਇਸ ਵਰ੍ਹੇ ਦੇ ਆਖਰ ’ਚ ਹੋਣ ਵਾਲੇ ਐੱਫ ਆਈ ਐੱਚ ਵਿਸ਼ਵ ਕੱਪ ਤੋਂ ਪਹਿਲਾਂ ਇਸ ਦੌਰੇ ਨਾਲ ਟੀਮ ਨੂੰ ਕਮੀਆਂ ਸੁਧਾਰਨ ’ਚ ਮਦਦ ਮਿਲੇਗੀ। ਭਾਰਤੀ ਟੀਮ 26 ਸਤੰਬਰ ਤੋਂ 2 ਅਕਤੂਬਰ ਤੱਕ ਕੈਨਬਰਾ ਦੇ ਨੈਸ਼ਨਲ ਹਾਕੀ ਸੈਂਟਰ ’ਚ ਇਹ ਲੜੀ ਖੇਡੇਗੀ। ਪਹਿਲੇ ਤਿੰਨ ਮੈਚ ਆਸਟਰੇਲੀਆ ਖ਼ਿਲਾਫ਼ 26, 27 ਅਤੇ 29 ਸਤੰਬਰ ਨੂੰ ਹੋਣਗੇ ਜਦਕਿ ਬਾਕੀ ਦੋ ਮੈਚ ਕੈਨਬਰਾ ਦੇ ਚਿੱਲ ਕਲੱਬ ਖ਼ਿਲਾਫ਼ 30 ਸਤੰਬਰ ਅਤੇ 2 ਅਕਤੂਬਰ ਨੂੰ ਖੇਡੇ ਜਾਣਗੇ। ਖਾਂਡੇਕਰ ਨੇ ਕਿਹਾ, ‘‘ਆਸਟਰੇਲੀਆ ’ਚ ਲੜੀ ਨਾਲ ਖਿਡਾਰੀਆਂ ਨੂੰ ਤਜਰਬਾ ਮਿਲੇਗਾ ਤੇ ਇਹ ਪਤਾ ਲੱਗੇਗਾ ਕਿ ਕਿਹੜੇ ਪਹਿਲੂਆਂ ’ਤੇ ਧਿਆਨ ਦੇਣ ਦੀ ਲੋੜ ਹੈ। ਇਸ ਨਾਲ ਜੂਨੀਅਰ ਵਿਸ਼ਵ ਕੱਪ ਲਈ ਤਿਆਰੀ ’ਚ ਮਦਦ ਮਿਲੇਗੀ। ਖਿਡਾਰਨਾਂ ਪ੍ਰੈਕਟਿਸ ਕੈਂਪ ’ਚ ਕਾਫੀ ਮਿਹਨਤ ਕਰ ਰਹੀਆਂ ਹਨ ਤੇ ਇਹ ਲੜੀ ਸਾਡੀਆਂ ਤਿਆਰੀਆਂ ਲਈ ਅਸਲੀ ਪਰਖ ਹੋਵੇਗੀ।’’