ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ 23 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਕੁਝ ਖਿਡਾਰੀਆਂ ਨੂੰ ਕੌਮਾਂਤਰੀ ਟੂਰਨਾਮੈਂਟ ਦਾ ਤਜਰਬਾ ਕਰਵਾਉਣ ਦਾ ਹੈ ਅਤੇ ਕੁਝ ਖਿਡਾਰੀਆਂ ਨੂੰ 2026 ਦੇ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਆਰਾਮ ਦੇਣ ਦਾ ਹੈ, ਜਿਸ ਵਿੱਚ ਐੱਫ ਆਈ ਐੱਚ ਹਾਕੀ ਵਿਸ਼ਵ ਕੱਪ, ਏਸ਼ੀਅਨ ਖੇਡਾਂ, 2028 ’ਚ ਲਾਸ ਏਂਜਲਸ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਸ਼ਾਮਲ ਹਨ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਚ ਫੁਲਟਨ ਨੇ ਦੱਸਿਆ ਕਿ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ ਕਪਤਾਨ ਵਜੋਂ ਭਾਰਤੀ ਟੀਮ ਦੀ ਅਗਵਾਈ ਸੰਜੈ ਕਰੇਗਾ। ਇਹ ਅਜਿਹਾ ਟੂਰਨਾਮੈਂਟ ਹੈ, ਜਿਸ ਨੂੰ ਭਾਰਤ ਪੰਜ ਵਾਰ ਜਿੱਤ ਚੁੱਕਾ ਹੈ। ਦੱਸਣਯੋਗ ਹੈ ਕਿ ਕੁਝ ਖਿਡਾਰੀਆਂ ਨੂੰ ਅਗਲੀਆਂ ਵੱਡੀਆਂ ਖੇਡਾਂ ਲਈ ਆਰਾਮ ਦਿਵਾਉਣ ਖਾਤਰ ਇਸ ਕੱਪ ਲਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਜਿਨ੍ਹਾਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਹਾਰਦਿਕ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ ਭਾਰਤੀ ਟੀਮ ਵਿੱਚ ਗੋਲਕੀਪਰ ਪਵਨ ਤੇ ਮੋਹਿਤ ਸ਼ਸ਼ੀਕੁਮਾਰ; ਡਿਫੈਂਡਰ ਚੰਦੂਰਾ ਬੌਬੀ, ਨੀਲਮ ਸੰਜੀਪ, ਯਸ਼ਦੀਪ ਸਿਵਾਚ, ਸੰਜੈ, ਜੁਗਰਾਜ ਸਿੰਘ ਤੇ ਅਮਿਤ ਰੋਹੀਦਾਸ; ਮਿਡਫੀਲਡਰ ਰਜਿੰਦਰ ਸਿੰਘ, ਰਾਜ ਕੁਮਾਰ ਪਾਲ, ਨੀਲਕੰਤਾ ਸ਼ਰਮਾ, ਮੋਇਰੰਗਥਮ ਸਿੰਘ, ਵਿਵੇਕ ਸਾਗਰ ਪ੍ਰਸਾਦ ਤੇ ਮੁਹੰਮਦ ਰਾਹੀਲ ਮੌਸੀਨ ਅਤੇ ਫਾਰਵਰਡ ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ, ਸੇਲਵਮ ਕਾਰਥੀ, ਆਦਿਤਿਆ ਅਰਜੁਨ ਲਾਲਗੇ, ਦਿਲਪ੍ਰੀਤ ਸਿੰਘ ਤੇ ਅਭਿਸ਼ੇਕ ਹੋਣਗੇ।

