ਭਾਰਤੀ ਕ੍ਰਿਕਟਰ ਖੇਡ ਭਾਵਨਾ ਨਾਲ ਖੇਡਣ: ਸ਼ਸ਼ੀ ਥਰੂਰ
ਕਾਂਗਰਸੀ ਆਗੂ ਨੇ ਏੇਸ਼ੀਆ ਕੱਪ ਫਾਈਨਲ ’ਚ ਭਾਰਤ-ਪਾਕਿ ਦੇ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੀ ਟਿੱਪਣੀ
ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਏਸ਼ੀਆ ਕ੍ਰਿਕਟ ਕੱਪ ਦੇ ਮੈਚ ਦੌਰਾਨ ਭਾਰਤੀ ਖਿਡਾਰੀਆਂ ਵੱਲੋਂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਨ ਮਗਰੋਂ ਪੈਦਾ ਹੋਏ ਵਿਵਾਦ ਦੌਰਾਨ ਖੇਡ ਤੇ ਰਾਜਨੀਤੀ ਨੂੰ ਵੱਖ ਰੱਖਣ ਦੀ ਵਕਾਲਤ ਕੀਤੀ ਹੈ।
ਐਤਵਾਰ ਨੂੰ ਏਸ਼ੀਆ ਕੱਪ ਫਾਈਨਲ ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਥਰੂਰ ਨੇ ਆਖਿਆ ਕਿ ਪਾਕਿਸਤਾਨ ਖ਼ਿਲਾਫ਼ ਭਾਵਨਾਵਾਂ ਸੁਭਾਵਿਕ ਹਨ ਪਰ ਖੇਡ ਭਾਵਨਾ ਨੂੰ ਰਾਜਨੀਤੀ ਤੇ ਸੈਨਿਕ ਸੰਘਰਸ਼ਾਂ ਤੋਂ ਵੱਖ ਰੱਖਣਾ ਚਾਹੀਦਾ ਹੈ।
ਸ਼ਸ਼ੀ ਥਰੂਰ ਨੇ ਕਿਹਾ, ‘‘ਮੈਨੂੰ ਵਿਅਕਤੀਗਤ ਤੌਰ ’ਤੇ ਲੱਗਦਾ ਹੈ ਕਿ ਖੇਡਣ ਦਾ ਫ਼ੈਸਲਾ ਹੋਣ ਮਗਰੋਂ ਜੇਕਰ ਅਸੀਂ ਪਾਕਿਸਤਾਨ ਪ੍ਰਤੀ ਇੰਨੀ ਵਿਰੋਧੀ ਭਾਵਨਾ ਰੱਖਦੇ ਹਾਂ ਤਾਂ ਸਾਨੂੰ ਖੇਡਣਾ ਹੀ ਨਹੀਂ ਚਾਹੀਦਾ ਸੀ। ਪਰ ਜੇਕਰ ਅਸੀਂ ਉਨ੍ਹਾਂ ਨਾਲ ਖੇਡ ਰਹੇ ਹਾਂ ਤਾਂ ਸਾਨੂੰ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਤੇ ਸਾਨੂੰ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹੀਦਾ ਸੀ। ਅਸੀਂ 1999 ’ਚ ਵੀ ਅਜਿਹਾ ਕੀਤਾ ਸੀ, ਜਦੋਂ ਕਾਰਗਿਲ ਜੰਗ ਚੱਲ ਰਹੀ ਸੀ। ਜਿਸ ਦਿਨ ਸਾਡੇ ਜਵਾਨ ਸ਼ਹੀਦ ਹੋ ਰਹੇ ਸਨ, ਉਸੇ ਦਿਨ ਅਸੀਂ ਇੰਗਲੈਂਡ ’ਚ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਦਾ ਮੈਚ ਖੇਡ ਰਹੇ ਸੀ। ਅਸੀਂ ਉਦੋਂ ਵੀ ਉਨ੍ਹਾਂ ਨਾਲ ਹੱਥ ਮਿਲਾਏ ਸੀ ਕਿਉਂਕਿ ਖੇਡ ਭਾਵਨਾ ਮੁਲਕਾਂ ਤੇ ਫੌਜਾਂ ਵਿਚਾਲੇ ਹਾਲਾਤ ਤੋਂ ਵੱਖਰੀ ਹੁੰਦੀ ਹੈ।’’ ਕਾਂਗਰਸੀ ਆਗੂ ਨੇ ਇਹ ਵੀ ਆਖਿਆ ਦੋਵਾਂ ਧਿਰਾਂ ਦੀ ਪ੍ਰਤੀਕਿਰਿਆ ’ਚ ਖੇਡ ਭਾਵਨਾ ਦੀ ਕਮੀ ਦਿਖਾਈ ਦਿੰਦੀ ਹੈ।