ਭਾਰਤੀ ਮੁੱਕੇਬਾਜ਼ੀ ਪ੍ਰੀਤੀ ਪਵਾਰ ਨੇ ਭਾਰਤ ਲਈ ਤਗਮਾ ਪੱਕਾ ਕੀਤਾ
ਇਕ ਸਾਲ ਬਾਅਦ ਸ਼ਾਨਦਾਰੀ ਵਾਪਸੀ ਕੀਤੀ; ਪਿਛਲੇ ਸਾਲ ਹੈਪੇਟਾੲੀਟਸ ਏ ਨੇ ਆਣ ਘੇਰਿਆ ਸੀ
ਭਾਰਤੀ ਮੁੱਕੇਬਾਜ਼ੀ ਪ੍ਰੀਤੀ ਪਵਾਰ ਨੇ ਇਕ ਸਾਲ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅੱਜ ਇੱਥੇ ਵਿਸ਼ਵ ਮੁੱਕੇਬਾਜ਼ੀ ਵਿਚ ਭਾਰਤ ਲਈ ਤਗਮਾ ਪੱਕਾ ਕੀਤਾ। ਹੈਪੇਟਾਈਟਸ ਏ ਨਾਲ ਜੂਝਣ ਤੋਂ ਬਾਅਦ ਤੇ ਕੌਮਾਂਤਰੀ ਮੁਕਾਬਲਿਆਂ ਤੋਂ ਇਕ ਸਾਲ ਦੂਰ ਰਹਿਣ ਦੇ ਬਾਵਜੂਦ 22 ਸਾਲਾ ਪ੍ਰੀਤੀ ਨੇ ਏਸ਼ਿਆਈ ਖੇਡਾਂ ਦੀ ਸਿਲਵਰ ਮੈਡਲ ਜੇਤੂ ਉਜ਼ਬੇਕਿਸਤਾਨ ਦੀ ਨਿਗਿਨਾ ਨੂੰ ਹਰਾ ਕੇ ਔਰਤਾਂ ਦੇ 54 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿਚ ਦਾਖਲਾ ਹਾਸਲ ਕੀਤਾ। ਪੈਰਿਸ ਉਲੰਪਿਕ ਦੇ ਇਕ ਮਹੀਨੇ ਪਹਿਲਾਂ ਪ੍ਰੀਤੀ ਨੂੰ ਹੈਪੇਟਾਈਟਸ ਏ ਹੋਣ ਦਾ ਪਤਾ ਲੱਗਿਆ ਸੀ। ਪ੍ਰੀਤੀ ਨੇ ਕਿਹਾ, ‘ਇਹ ਮੇਰੇ ਲਈ ਔਖਾ ਦੌਰ ਸੀ ਕਿਉਂਕਿ ਉਲੰਪਿਕ ਤੋਂ ਇਕ ਮਹੀਨਾ ਪਹਿਲਾਂ ਹੈਪੇਟਾਈਟਸ ਏ ਹੋਣ ਦਾ ਪਤਾ ਲੱਗਿਆ ਪਰ ਇਸ ਨੇ ਮੈਨੂੰ ਵਾਪਸੀ ਕਰਨ ਤੇ ਹਿੰਮਤ ਰੱਖਣ ਲਈ ਪ੍ਰੇਰਿਤ ਕੀਤਾ।’ ਉਸ ਨੇ ਬਿਮਾਰੀ ਦੇ ਬਾਵਜੂਦ ਉਲੰਪਿਕ ਵਿਚ ਆਪਣੀ ਥਾਂ ਪੱਕੀ ਕੀਤੀ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਗਮਾ ਜੇਤੂ ਕੋਲੰਬੀਆ ਦੀ ਯੇਨੀ ਏਰਿਆਸ ਨਾਲ ਰਾਊਂਡ 16 ਦੇ ਸਖਤ ਮੁਕਾਬਲੇ ਵਿਚ ਹਾਰ ਕੇ ਬਾਹਰ ਹੋ ਗਈ। ਮੌਜੂਦਾ ਮਹਿਲਾ 48 ਕਿਲੋਗ੍ਰਾਮ ਵਿਸ਼ਵ ਚੈਂਪੀਅਨਸ਼ਿਪ ਮੀਨਾਕਸ਼ੀ ਹੁੱਡਾ, ਨਰਿੰਦਰ ਬੇਰਵਾਲ ਤੇ ਅੰਕੁਸ਼ ਫੰਗਾਲ ਨੇ ਸੈਮੀਫਾਈਨਲ ਵਿਚ ਪੁੱਜ ਕੇ ਭਾਰਤ ਲਈ ਤਗਮੇ ਪੱਕੇ ਕੀਤੇ। ਪ੍ਰੀਤੀ ਨੇ ਕਿਹਾ ਕਿ ਉਸ ਨੇ ਔਖੇ ਵੇਲੇ ਵੀ ਹਾਰ ਨਹੀਂ ਮੰਨੀ ਸੀ। ਪੀਟੀਆਈ

