ਭਾਰਤੀ 3x3 ਮਹਿਲਾ ਬਾਸਕਟਬਾਲ ਟੀਮ ਕੁਆਰਟਰ ਫਾਈਨਲ ’ਚ
ਹਾਂਗਜ਼ੂ: ਭਾਰਤੀ ਮਹਿਲਾ 3x3 ਬਾਸਕਟਬਾਲ ਟੀਮ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ’ਚ ਪੁੱਜ ਗਈ ਹੈ ਪਰ ਪੁਰਸ਼ਾਂ ਦੀ ਮੁਹਿੰਮ ਪ੍ਰੀ-ਕੁਆਰਟਰ ਫਾਈਨਲ ਰਾਊਂਡ ਵਿੱਚ ਹੀ ਸਮਾਪਤ ਹੋ ਗਈ। ਮਹਿਲਾ ਟੀਮ ਨੇ ਆਖ਼ਰੀ-16 ਰਾਊਂਡ ਦੇ ਆਪਣੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੂੰ 16-6 ਨਾਲ ਹਰਾਇਆ। ਇਸ ਮੈਚ ਵਿੱਚ ਵੈਸ਼ਨਵੀ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੌਂ ਅੰਕ ਹਾਸਲ ਕੀਤੇ। ਮਹਿਆ ਟੀਮ ਉਜ਼ਬੇਕਿਸਤਾਨ ਨੂੰ ਹਰਾ ਕੇ ਆਪਣੇ ਗਰੁੱਪ ਵਿੱਚ ਦੂਜੇ ਸਥਾਨ ’ਤੇ ਰਹੀ। ਕੁਆਰਟਰ ਫਾਈਨਲ ਵਿੱਚ ਮਹਿਲਾ ਟੀਮ ਦਾ ਮੁਕਾਬਲਾ ਚੀਨੀ ਤਾਇਪੇ ਨਾਲ ਹੋਵੇਗਾ। ਪੁਰਸ਼ ਵਰਗ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਰਾਨ ਨੇ ਕਰੀਬੀ ਮੁਕਾਬਲੇ ਵਿੱਚ ਭਾਰਤ ਨੂੰ 19-17 ਨਾਲ ਹਰਾਇਆ। ਪ੍ਰਿੰਸਪਾਲ ਸਿੰਘ ਨੇ ਭਾਰਤ ਲਈ ਨੌਂ ਅੰਕ ਜੁਟਾਏ ਪਰ ਇਹ ਟੀਮ ਨੂੰ ਅੱਗੇ ਲਿਜਾਣ ਲਈ ਕਾਫ਼ੀ ਨਹੀਂ ਸਨ। ਭਾਰਤੀ ਪੁਰਸ਼ ਟੀਮ ਪੂਲ ਰਾਊਂਡ ਵਿੱਚ ਦੂਜੇ ਸਥਾਨ ’ਤੇ ਰਹੀ ਸੀ। ਟੀਮ ਨੇ ਇਸ ਦੌਰਾਨ ਮਲੇਸ਼ੀਆ ਅਤੇ ਮਕਾਓ ਨੂੰ ਹਰਾਇਆ ਸੀ ਪਰ ਚੀਨ ਦੀ ਚੁਣੌਤੀ ਪਾਰ ਨਹੀਂ ਕਰ ਪਾਈ ਸੀ। -ਪੀਟੀਆਈ