India vs. South Africa 3rd T20I: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
ਭਾਰਤੀ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਧਰਮਸ਼ਾਲਾ ਵਿਖੇ ਖੇਡੇ ਗਏ ਦੱਖਣੀ ਅਫਰੀਕਾ ਦੇ ਭਾਰਤ ਦੌਰੇ, 2025 ਦੇ ਤੀਜੇ ਟੀ20 ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਆਸਾਨ ਜਿੱਤ ਦਰਜ ਕੀਤੀ ਹੈ। ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ਵਿੱਚ 117 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਇੰਡੀਆ ਨੇ ਇਸ ਜਿੱਤ ਨਾਲ ਸੀਰੀਜ਼ ਵਿੱਚ 2-1 ਦੀ ਲੀਡ ਬਣਾ ਲਈ ਹੈ ।
ਦੱਖਣੀ ਅਫਰੀਕਾ ਲਈ ਕਪਤਾਨ ਏਡਨ ਮਾਰਕਰਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 46 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅਰਸ਼ਦੀਪ ਸਿੰਘ ਨੇ 4 ਓਵਰਾਂ ਵਿੱਚ ਸਿਰਫ਼ 13 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦੋਂ ਕਿ ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਨੇ ਵੀ 2—2 ਵਿਕਟਾਂ ਹਾਸਲ ਕੀਤੀਆਂ।
ਭਾਰਤੀ ਟੀਮ ਨੇ 118 ਦੌੜਾਂ ਦਾ ਟੀਚਾ 15.5 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ’ਤੇ ਮੁਕੰਮਲ ਕਰ ਲਿਆ। ਭਾਰਤ ਦੀ ਜਿੱਤ ਵਿੱਚ ਅਭਿਸ਼ੇਕ ਸ਼ਰਮਾ ਨੇ ਤੇਜ਼ ਸ਼ੁਰੂਆਤ ਦਿੱਤੀ, ਜਿਸ ਨੇ 18 ਗੇਂਦਾਂ ਤੇ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 28 ਦੌੜਾਂ ਅਤੇ ਤਿਲਕ ਵਰਮਾ ਨੇ (ਨਾਬਾਦ) 25 ਦੌੜਾਂ ਦਾ ਯੋਗਦਾਨ ਪਾਇਆ। ਅੰਤ ਵਿੱਚ ਸ਼ਿਵਮ ਦੂਬੇ ਨੇ 4 ਗੇਂਦਾਂ ਤੇ 10 (ਨਾਬਾਦ) ਰਹਿ ਕੇ ਭਾਰਤ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ।
ਟੀਮਾਂ:
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ।
ਦੱਖਣੀ ਅਫਰੀਕਾ: ਰੀਜ਼ਾ ਹੈਂਡਰਿਕਸ, ਕੁਇੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ (ਕਪਤਾਨ), ਡਿਵਾਲਡ ਬ੍ਰੇਵਿਸ, ਟ੍ਰਿਸਟਨ ਸਟੱਬਸ, ਡੋਨੋਵਨ ਫਰੇਰਾ, ਮਾਰਕੋ ਜਾਨਸਨ, ਕੋਰਬਿਨ ਬੋਸ਼, ਐਨਰਿਕ ਨੌਰਟਜੇ, ਲੁੰਗੀ ਐਨਗਿਡੀ, ਓਟਨਿਲ ਬਾਰਟਮੈਨ। ਪੀ.ਟੀ.ਆਈ

