ਭਾਰਤ-ਪਾਕਿ ਮੈਚ: ਪਾਕਿਸਤਾਨ ਵੱਲੋਂ ਭਾਰਤ ਨੂੰ 128 ਦੌੜਾਂ ਦਾ ਟੀਚਾ
Asia Cup: Pakistan opt to bat against India
ਇੱਥੇ ਏਸ਼ੀਆ ਕੱਪ ਦੇ ਹਾਈ ਵੋਲਟੇਜ ਮੈਚ ਵਿੱਚ ਅੱਜ ਪਾਕਿਸਤਾਨ ਨੇ ਭਾਰਤ ਨੂੰ 128 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਖਿਡਾਰੀ ਅੱਜ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੇ। ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 127 ਦੌੜਾਂ ਬਣਾਈਆਂ। ਇਸ ਮੈਚ ਵਿਚ ਪਾਕਿਸਤਾਨੀ ਪਾਰੀ ਲੜਖੜਾ ਗਈ ਤੇ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ। ਭਾਰਤੀ ਗੇਂਦਬਾਜ਼ ਅੱਜ ਪਾਕਿਸਤਾਨ ਦੇ ਬੱਲੇਬਾਜ਼ਾਂ ’ਤੇ ਸ਼ੁਰੂ ਤੋਂ ਹੀ ਹਾਵੀ ਰਹੇ।
ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਤੇ ਅਕਸ਼ਰ ਪਟੇਲ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਦੋ ਵਿਕਟਾਂ ਹਾਸਲ ਕੀਤੀਆਂ। ਦੱਸਣਾ ਬਣਦਾ ਹੈ ਕਿ ਕੁਲਦੀਪ ਯਾਦਵ ਨੇ ਲਗਾਤਾਰ ਦੋ ਗੇਂਦਾਂ ’ਤੇ ਦੋ ਖਿਡਾਰੀਆਂ ਨੂੰ ਆਊਟ ਕੀਤਾ।
ਇਸ ਤੋਂ ਪਹਿਲਾਂ ਪਾਕਿਸਤਾਨ ਸ਼ੁਰੂਆਤ ਖਰਾਬ ਰਹੀ ਤੇ ਪਹਿਲੀ ਗੇਂਦ ’ਤੇ ਪਹਿਲੀ ਵਿਕਟ ਡਿੱਗੀ। ਭਾਰਤੀ ਗੇਂਦਬਾਜ਼ ਹਾਰਦਿਕ ਪਾਂਡਿਆ ਦੀ ਪਹਿਲੀ ਗੇਂਦ ਵਾਈਡ ਰਹੀ ਤੇ ਉਸ ਦੀ ਆਪਣੀ ਪਹਿਲੀ ਗੇਂਦ ’ਤੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਈਅਮ ਅਯੂਬ ਨੂੰ ਜਸਪ੍ਰੀਤ ਬੁਮਰਾਹ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਪਾਕਿਸਤਾਨ ਦੀ ਦੂਜੀ ਵਿਕਟ ਵੀ ਡਿੱਗ ਗਈ ਹੈ। ਪਾਕਿਸਤਾਨ ਦੇ ਵਿਕਟਕੀਪਰ ਤੇ ਬੱਲੇਬਾਜ਼ ਮੁਹੰਮਦ ਹੈਰਿਸ ਨੂੰ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਹਾਰਦਿਕ ਨੇ ਕੈਚ ਕੀਤਾ।
ਪਾਕਿਸਤਾਨ ਦੀ ਤੀਜੀ ਵਿਕਟ ਫਖਰ ਜ਼ਮਾਨ ਵਜੋਂ ਡਿੱਗੀ। ਭਾਰਤੀ ਗੇਂਦਬਾਜ਼ ਅਕਸ਼ਰ ਪਟੇਲ ਨੇ ਕਰੀਜ਼ ‘ਤੇ ਟਿਕੇ ਹੋਏ ਫਖਰ ਜ਼ਮਾਨ ਨੂੰ ਆਊਟ ਕੀਤਾ। ਉਸ ਨੂੰ ਅਕਸ਼ਰ ਦੀ ਗੇਂਦ ’ਤੇ ਤਿਲਕ ਵਰਮਾ ਨੇ ਕੈਚ ਆਊਟ ਕੀਤਾ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੂਜੇ ਪਾਸੇ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਕਿਹਾ ਕਿ ਜੇ ਉਹ ਟਾਸ ਜਿੱਤਦੇ ਤਾਂ ਪਹਿਲਾਂ ਗੇਂਦਬਾਜ਼ੀ ਹੀ ਚੁਣਦੇ। ਭਾਰਤ ਤੇ ਪਾਕਿਸਤਾਨ ਦੋਵਾਂ ਨੇ ਆਪਣੇ 11-11 ਖਿਡਾਰੀਆਂ ਦੀ ਟੀਮ ਵਿਚ ਅੱਜ ਕੋਈ ਬਦਲਾਅ ਨਹੀਂ ਕੀਤਾ। ਭਾਰਤ ਤੇ ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ਜਿੱਤ ਲਏ ਹਨ ਤੇ ਅੱਜ ਦਾ ਮੈਚ ਜਿੱਤਣ ਵਾਲੀ ਟੀਮ ਸੁਪਰ ਚਾਰ ਵਿਚ ਪੁੱਜ ਜਾਵੇਗੀ। ਇਹ ਮੁਕਾਬਲਾ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।