India vs England Test: ਭਾਰਤ ਨੇ ਓਵਲ ਟੈਸਟ 6 ਦੌੜਾਂ ਨਾਲ ਜਿੱਤਿਆ, ਪੰਜ ਮੈਚਾਂ ਦੀ ਲੜੀ 2-2 ਨਾਲ ਡਰਾਅ
ਭਾਰਤੀ ਟੀਮ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਆਖਰੀ ਚਾਰ ਵਿਕਟਾਂ ਲੈ ਕੇ ਇੰਗਲੈਂਡ ਨੂੰ 367 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ ਓਵਲ ਵਿੱਚ ਇੱਕ ਸ਼ਾਨਦਾਰ ਤਰੀਕੇ ਨਾਲ ਆਖਰੀ ਟੈਸਟ ਛੇ ਦੌੜਾਂ ਨਾਲ ਜਿੱਤ ਕੇ ਸੀਰੀਜ਼ ਡਰਾਅ ਕਰ ਲਈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਭਾਰਤ ਦਾ ਹੀਰੋ ਰਿਹਾ, ਉਸ ਨੇ ਜੈਮੀ ਸਮਿਥ ਅਤੇ ਜੈਮੀ ਓਵਰਟਨ ਨੂੰ ਆਊਟ ਕਰਕੇ ਗਸ ਐਟਕਿਨਸਨ ਨੂੰ ਗੇਂਦਬਾਜ਼ੀ ਕਰਦਿਆਂ ਮੈਚ ਖਤਮ ਕਰ ਦਿੱਤਾ।
ਕ੍ਰਿਸ ਵੋਕਸ ਆਪਣੇ ਟੁੱਟੇ ਹੋਏ ਮੋਢੇ ਨੂੰ ਬਚਾਉਣ ਲਈ ਸਲਿੰਗ ਪਹਿਨ ਕੇ ਬੱਲੇਬਾਜ਼ੀ ਕਰਨ ਲਈ ਆਇਆ, ਜਦੋਂ ਟੀਮ 17 ਦੌੜਾਂ ਦੀ ਲੋੜ ਸੀ। ਐਟਕਿੰਸਨ ਨੇ ਇੰਗਲੈਂਡ ਦੀਆਂ ਉਮੀਦਾਂ ਨੂੰ ਹੁਲਾਰਾ ਦਿੰਦਿਆਂ ਸਿਰਾਜ ਦੀ ਗੇਂਦਬਾਜ਼ੀ ਦੌਰਾਨ ਛੇ ਦੌੜਾਂ ਬਣਾਈਆਂ। ਐਟਕਿੰਸਨ ਨੇ ਵੋਕਸ ਨੂੰ ਸਟ੍ਰਾਈਕ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਿਰਾਜ ਨੇ ਇੱਕ ਹੋਰ ਸ਼ਾਨਦਾਰ ਯਾਰਕਰ ਮਾਰਦਿਆਂ ਭਾਰਤ ਨੂੰ ਜਿੱਤ ਦੇ ਪੰਧ ’ਤੇ ਹੋਰ ਅੱਗੇ ਵਧਾ ਦਿੱਤਾ।
ਖੇਡ ਸ਼ੁਰੂ ਹੋਣ ਤੋਂ ਪਹਿਲਾਂ ਚਾਰ ਵਿਕਟਾਂ ਹੱਥ ਵਿੱਚ ਹੋਣ ਅਤੇ ਜਿੱਤ ਲਈ ਮਹਿਜ਼ 35 ਦੌੜਾਂ ਦੀ ਲੋੜ ਹੋਣ ਦੇ ਮੱਦੇਨਜ਼ਰ ਮੈਚ ਵਿਚ ਇੰਗਲੈਂਡ ਦਾ ਪਲੜਾ ਭਾਰੀ ਸੀ, ਪਰ ਸਿਰਾਜ ਦੀ ਜ਼ਬਰਦਸਤ ਗੇਂਦਬਾਜ਼ੀ ਨੇ ਪਹਿਲੀ ਹੀ ਗੇਂਦ ਤੋਂ ਵਿਰੋਧੀ ਬੱਲੇਬਾਜ਼ਾਂ ਦਾ ਪਿੱਚ ਤੇ ਟਿਕਣਾ ਮੁਸ਼ਕਲ ਕਰ ਦਿੱਤਾ। ਇਸ ਦੌਰਾਨ ਕ੍ਰਿਸ਼ਨਾ ਨੇ ਉਸ ਦਾ ਚੰਗਾ ਸਾਥ ਦਿੱਤਾ, ਜਿਸ ਕਾਰਨ ਭਾਰਤ ਨੂੰ ਦਬਾਅ ਨਾਲ ਭਰੀ ਪੰਜ ਮੈਚਾਂ ਦੀ ਇਸ ਲੜੀ ਨੂੰ 2-2 ’ਤੇ ਬਰਾਬਰੀ ’ਚ ਕਰਨ ਦਾ ਮੌਕਾ ਮਿਲਿਆ।
ਮੈਚ ਤੋਂ ਬਾਅਦ ਗੱਲਬਾਤ ਕਰਦਿਆਂ ਸਿਰਾਜ ਨੇ ਕਿਹਾ, ‘‘ਮੈਂ ਹਮੇਸ਼ਾ ਮੰਨਦਾ ਹਾਂ ਕਿ ਮੈਂ ਕਿਸੇ ਵੀ ਸਮੇਂ ਤੋਂ ਖੇਡ ਜਿੱਤ ਸਕਦਾ ਹਾਂ ਅਤੇ ਸਵੇਰ ਤੱਕ ਅਜਿਹਾ ਕੀਤਾ।’’ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਲਗਾਤਾਰ ਘੇਰਾ ਪਾਈ ਰੱਖਦਿਆਂ ਸਿਰਾਜ ਨੇ 30.1 ਓਵਰਾਂ ਵਿੱਚ 104 ਦੌੜਾਂ ਦੇ ਕੇ 5 ਵਿਕਟਾਂ ਅਤੇ ਮੈਚ ਵਿੱਚ ਕੁੱਲ ਨੌਂ ਵਿਕਟਾਂ ਹਾਸਲ ਕੀਤੀਆਂ।