India-England 2nd cricket test: ਪਹਿਲੇ ਦਿਨ ਕਪਤਾਨ ਸ਼ੁਭਮਨ ਗਿੱਲ ਦਾ ਸੈਂਕੜਾ; ਭਾਰਤ ਨੇ ਪੰਜ ਵਿਕਟਾਂ ’ਤੇ 310 ਦੌੜਾਂ ਬਣਾਈਆਂ
Gill ton, Jaiswal's 87 take India to 310 for 5 on Day 1; ਜੈਸਵਾਲ ਨੇ ਨੀਮ ਸੈਂਕੜਾ ਜੜਿਆ
ਬਰਮਿੰਘਮ, 2 ਜੁਲਾਈ
ਭਾਰਤ ਨੇ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਨੀਮ ਸੈਂਕੜੇ ਸਦਕਾ ਪੰਜ ਵਿਕਟਾਂ ’ਤੇ 310 ਦੌੜਾਂ ਬਣਾ ਲਈਆਂ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼ੁਭਮਨ ਗਿੱਲ 114 ਦੌੜਾਂ ਤੇ ਰਵਿੰਦਰ ਜਡੇਜਾ 41 ਦੌੜਾਂ ਬਣਾ ਕੇ ਨਾਬਾਦ ਸਨ। ਸ਼ੁਭਮਨ ਗਿੱਲ ਦਾ ਇਸ ਲੜੀ ਵਿੱਚ ਇਹ ਦੂਜਾ ਸੈਂਕੜਾ ਹੈ। ਹੈਡਿੰਗਲੇ ’ਚ ਉਸ ਨੇ ਪਹਿਲੀ ਪਾਰੀ ’ਚ 147 ਦੌੜਾਂ ਬਣਾਈਆਂ ਸਨ।
ਇਸ ਤੋਂ ਪਹਿਲਾਂ ਇੰਗਲੈਂਡ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤ ਦੀ ਸ਼ੁਰੂਆਤ ਵਧੀਆ ਨਾ ਰਹੀ ਤੇ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ 26 ਗੇਂਦਾਂ ਦਾ ਸਾਹਮਣਾ ਕਰਨ ਮਗਰੋਂ ਸਿਰਫ 2 ਦੌੜਾਂ ਬਣਾ ਕੇ ਕ੍ਰਿਸ ਵੋਕਸ ਹੱਥੋਂ ਆਊਟ ਹੋ ਗਿਆ। ਇਸ ਮਗਰੋਂ ਜੈਸਵਾਲ ਤੇ ਕਰੁਣ ਨਾਇਰ ਨੇ ਸੰਭਲ ਕੇ ਖੇਡਦਿਆਂ ਦੂਜੀ ਵਿਕਟ ਲਈ 80 ਦੌੜਾਂ ਜੋੜੀਆਂ ਪਰ ਨਾਇਰ 31 ਦੌੜਾਂ ਦੇ ਨਿੱਜੀ ਸਕੋਰ ’ਤੇ ਬ੍ਰਾਈਡਨ ਕਾਰਸ ਦੀ ਗੇਂਦ ’ਤੇ ਹੈਰੀ ਬਰੁੱਕ ਨੂੰ ਕੈਚ ਦੇ ਬੈਠਾ। ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਗਿੱਲ ਨੇ ਸਲਾਮੀ ਬੱਲੇਬਾਜ਼ ਜੈਸਵਾਲ ਦਾ ਦਿੱਤਾ ਤੇ ਦੋਵਾਂ ਨੇ ਟੀਮ ਦਾ ਸਕੋਰ 161 ਦੌੜਾਂ ਪਹੁੰਚਾਇਆ।
ਜੈਸਵਾਲ 13 ਚੌਕਿਆਂ ਦੀ ਮਦਦ ਨਾਲ 87 ਦੌੜਾਂ ਬਣਾ ਕੇ ਆਊਟ ਹੋਇਆ। ਉਪ ਕਪਤਾਨ ਰਿਸ਼ਭ ਪੰਤ 25 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ ਜਦਕਿ ਨਿਤੀਸ਼ ਰੈੱਡੀ ਇੱਕ ਦੌੜ ਹੀ ਬਣਾ ਸਕਿਆ। ਸ਼ੁਭਮਨ ਗਿੱਲ ਨੇ 216 ਗੇਂਦਾਂ ਦਾ ਸਾਹਮਣਾ ਕਰਦਿਆਂ 12 ਚੌਕਿਆਂ ਦੀ ਮਦਦ ਨਾਲ 114 ਦੌੜਾਂ ਬਣਾਈਆਂ। ਉਸ ਨੇ 199 ਗੇਂਦਾਂ ’ਤੇ ਸੈਂਕੜਾ ਪੂਰਾ ਕੀਤਾ। ਛੇਵੀਂ ਵਿਕਟ ’ਤੇ ਰਵਿੰਦਰਾ ਜਡੇਜਾ ਨੇ ਸ਼ੁਭਮਨ ਗਿੱਲ ਦਾ ਚੰਗਾ ਸਾਥ ਦਿੱਤਾ। ਦੋਵਾਂ ਨੇ 99 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਜੈਸਵਾਲ ਮਗਰੋਂ ਰਵਿੰਦਰ ਜਡੇਜਾ ਨੇ ਕਪਤਾਨ ਦਾ ਦਿੰਦਿਆਂ ਟੀਮ ਨੂੰ ਟੀਮ ਨੂੰ 300 ਦੌੜਾਂ ਦਾ ਅੰਕੜਾ ਪਾਰ ਕਰਨ ’ਚ ਮਦਦ ਕੀਤੀ।
ਇੰਗਲੈਂਡ ਵੱਲੋਂ ਕ੍ਰਿਸ ਵੋਕਸ ਨੇ ਦੋ ਵਿਕਟਾਂ ਲਈਆਂ ਜਦਕਿ ਬੈਨ ਸਟੋਕਸ ਤੇ ਸ਼ੋਏਬ ਬਸ਼ੀਰ ਨੇ ਇੱਕ ਵਿਕਟ ਹਾਸਲ ਕੀਤੀ। -ਪੀਟੀਆਈ