ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੇ ਦੂਜੀ ਪਾਰੀ ਵਿੱਚ ਚੰਗੀ ਚੁਣੌਤੀ ਪੇਸ਼ ਕੀਤੀ ਪਰ ਇਹ ਕਾਫ਼ੀ ਨਹੀਂ ਸੀ ਕਿਉਂਕਿ ਭਾਰਤ ਨੂੰ ਲੜੀ ਦਾ ਦੂਜਾ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਜਿੱਤਣ ਲਈ ਹੁਣ ਸਿਰਫ਼ 58 ਦੌੜਾਂ ਦੀ ਲੋੜ ਹੈ। ਵੈਸਟ ਇੰਡੀਜ਼ ਨੇ ਆਪਣੀ ਦੂਜੀ ਪਾਰੀ ਵਿੱਚ 390 ਦੌੜਾਂ ਬਣਾ ਕੇ ਭਾਰਤ ਸਾਹਮਣੇ 121 ਦੌੜਾਂ ਦਾ ਟੀਚਾ ਰੱਖਿਆ। ਭਾਰਤ ਨੇ ਅੱਜ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਇੱਕ ਵਿਕਟ ’ਤੇ 63 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ’ਤੇ 518 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ, ਜਿਸ ਦੇ ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ 248 ਦੌੜਾਂ ’ਤੇ ਹੀ ਢੇਰ ਹੋ ਗਈ ਸੀ ਅਤੇ ਉਸ ਨੂੰ ਫਾਲੋਆਨ ਖੇਡਣਾ ਪਿਆ ਸੀ।ਦੂਜੀ ਪਾਰੀ ਵਿੱਚ ਜੌਹਨ ਕੈਂਪਬੈਲ ਨੇ 115 ਦੌੜਾਂ ਅਤੇ ਸ਼ਾਈ ਹੋਪ ਨੇ 103 ਦੌੜਾਂ ਬਣਾ ਕੇ ਸੰਘਰਸ਼ ਕਰਨ ਦਾ ਜਜ਼ਬਾ ਦਿਖਾਇਆ ਪਰ ਮੈਚ ਪੰਜਵੇਂ ਦਿਨ ਵਿੱਚ ਲਿਜਾਣ ਦਾ ਸਿਹਰਾ ਜਸਟਿਨ ਗ੍ਰੀਵਜ਼ (ਨਾਬਾਦ 50) ਅਤੇ ਜੇਡਨ ਸੀਲਜ਼ (32) ਨੂੰ ਜਾਂਦਾ ਹੈ, ਜਿਨ੍ਹਾਂ ਨੇ ਦਸਵੀਂ ਵਿਕਟ ਲਈ 79 ਦੌੜਾਂ ਦੀ ਅਹਿਮ ਭਾਈਵਾਲੀ ਕੀਤੀ।ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ, ਮੁਹੰਮਦ ਸਿਰਾਜ ਨੇ ਦੋ ਅਤੇ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਛੋਟੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਪਹਿਲੀ ਪਾਰੀ ਵਿੱਚ 175 ਦੌੜਾਂ ਬਣਾਉਣ ਵਾਲੇ ਯਸ਼ਸਵੀ ਜੈਸਵਾਲ (8) ਦਾ ਵਿਕਟ ਜਲਦੀ ਗੁਆ ਦਿੱਤਾ। ਇਸ ਤੋਂ ਬਾਅਦ ਕੇਐੱਲ ਰਾਹੁਲ (ਨਾਬਾਦ 25) ਅਤੇ ਆਰ ਸਾਈਂ ਸੁਦਰਸ਼ਨ (ਨਾਬਾਦ 30) ਨੇ ਹੋਰ ਕੋਈ ਝਟਕਾ ਨਹੀਂ ਲੱਗਣ ਦਿੱਤਾ ਅਤੇ ਭਾਰਤ ਦੀ ਇੱਕ ਹੋਰ ਵੱਡੀ ਜਿੱਤ ਯਕੀਨੀ ਬਣਾ ਦਿੱਤੀ।