ਹਾਕੀ: ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਮਹਿਲਾ ਟੀਮ ਦਾ ਐਲਾਨ
ਨਵੀਂ ਦਿੱਲੀ, 11 ਅਕਤੂਬਰ
ਤਜਰਬੇਕਾਰ ਮਿਡਫੀਲਡਰ ਸੁਸ਼ੀਲਾ ਚਾਨੂ ਨੂੰ ਸੱਟ ਲੱਗਣ ਕਾਰਨ 27 ਅਕਤੂਬਰ ਤੋਂ ਪੰਜ ਨਵੰਬਰ ਤੱਕ ਰਾਂਚੀ ਵਿੱਚ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਐੱਸਟੀ) ਲਈ 20 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ। ਰੀਓ ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੀ ਸੁਸ਼ੀਲਾ ਹਾਲ ਹੀ ਵਿੱਚ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਹਾਕੀ ਇੰਡੀਆ ਦੇ ਸੂਤਰਾਂ ਨੇ ਦੱਸਿਆ ਕਿ ਸੁਸ਼ੀਲਾ ਜਲਦੀ ਹੀ ਡਾਕਟਰ ਨਾਲ ਮਿਲ ਕੇ ਸੱਟ ਦੀ ਸਥਿਤੀ ਦਾ ਪਤਾ ਲਗਾਵੇਗੀ। ਸੂਤਰਾਂ ਨੇ ਦੱਸਿਆ, ‘‘ਸੁਸ਼ੀਲਾ ਟੀਮ ਦੀ ਅਹਿਮ ਮੈਂਬਰ ਹੈ ਅਤੇ ਉਸ ਦਾ ਆਗਾਮੀ ਟੂਰਨਾਮੈਂਟਾਂ ਤੋਂ ਪਹਿਲਾਂ ਫਿੱਟ ਹੋਣਾ ਜ਼ਰੂਰੀ ਹੈ।’’ ਬਲਜੀਤ ਕੌਰ ਨੂੰ ਸੁਸ਼ੀਲਾ ਦੀ ਜਗ੍ਹਾ ਟੀਮ ਵਿੱਚ ਲਿਆ ਗਿਆ ਹੈ। ਏਸ਼ਿਆਈ ਖੇਡਾਂ ਦੀ ਟੀਮ ਵਿੱਚ ਸ਼ਾਮਲ ਵੈਸ਼ਨਵੀ ਵਿੱਠਲ ਫਾਲਕੇ ਨੂੰ ਸ਼ਰਮੀਲਾ ਦੇਵੀ ਨਾਲ ਬਦਲਵੇਂ ਖਿਡਾਰੀ ਵਜੋਂ ਰੱਖਿਆ ਗਿਆ ਹੈ। ਸੁਸ਼ੀਲਾ ਤੋਂ ਇਲਾਵਾ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ ਟੀਮ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਡਿਫੈਂਡਰ ਦੀਪ ਗਰੇਸ ਇੱਕਾ ਪਹਿਲਾਂ ਵਾਂਗ ਟੀਮ ਦੀ ਉਪ ਕਪਤਾਨ ਬਣੀ ਰਹੇਗੀ। ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਤੋਂ ਇਲਾਵਾ ਜਾਪਾਨ, ਚੀਨ, ਕੋਰੀਆ, ਮਲੇਸ਼ੀਆ ਅਤੇ ਥਾਈਲੈਂਡ ਭਾਗ ਲੈਣਗੇ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 27 ਅਕਤੂਬਰ ਨੂੰ ਥਾਈਲੈਂਡ ਖ਼ਿਲਾਫ਼ ਕਰੇਗਾ। ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਸਵਿਤਾ (ਕਪਤਾਨ), ਬਿਚੂ ਦੇਵੀ, ਡਿਫੈਂਡਰ ਵਜੋਂ ਨਿੱਕੀ ਪ੍ਰਧਾਨ, ਉਦਿਤਾ, ਇਸ਼ੀਕਾ ਚੌਧਰੀ, ਦੀਪ ਗਰੇਸ ਇੱਕਾ (ਉਪ ਕਪਤਾਨ), ਮਿੱਡਫੀਲਡਰ ਨਿਸ਼ਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨੀਆ, ਮੋਨਿਕਾ, ਜਯੋਤੀ, ਬਲਜੀਤ ਕੌਰ, ਫਾਰਵਰਡ ਲਾਲਰੇਮਿਸਯਾਮੀ, ਸੰਗੀਤਾ ਕੁਮਾਰੀ, ਦੀਪਿਕਾ, ਵੰਦਨਾ ਕਟਾਰੀਆ, ਬੈਕਅੱਪ ਖਿਡਾਰੀ ਵਜੋਂ ਸ਼ਰਮੀਲਾ ਦੇਵੀ ਅਤੇ ਵੈਸ਼ਨਵੀ ਵਿੱਠਲ ਫਾਲਕੇ ਨੂੰ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ