ਹਾਕੀ: ਜੂਨੀਅਰ ਵਿਸ਼ਵ ਕੱਪ ਲਈ ਭਾਰਤ ਆਵੇਗੀ ਪਾਕਿ ਟੀਮ
ਪਾਕਿਸਤਾਨ ਦੀ ਟੀਮ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੇ ਐੱਫ ਆਈ ਐੱਚ ਜੂਨੀਅਰ ਵਿਸ਼ਵ ਕੱਪ ’ਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕਰੇਗੀ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਟੂਰਨਾਮੈਂਟ ਨਵੰਬਰ-ਦਸੰਬਰ ਵਿੱਚ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਬਿਹਾਰ ਵਿੱਚ ਚੱਲ ਰਹੇ ਏਸ਼ੀਆ ਕੱਪ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ, ਜਿਸ ਕਾਰਨ ਪਾਕਿਸਤਾਨ ਦੀ ਜੂਨੀਅਰ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਬਾਰੇ ਵੀ ਕੁੱਝ ਸਪੱਸ਼ਟ ਨਹੀਂ ਸੀ। ਹਾਲਾਂਕਿ ਭੋਲਾਨਾਥ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਜੂਨੀਅਰ ਵਿਸ਼ਵ ਕੱਪ ਵਿੱਚ ਆਉਣ ਦੀ ਪੁਸ਼ਟੀ ਕਰ ਦਿੱਤੀ ਹੈ। ਭੋਲਾਨਾਥ ਨੇ ਕਿਹਾ, ‘ਪਾਕਿਸਤਾਨ ਦੀ ਟੀਮ ਜੂਨੀਅਰ ਵਿਸ਼ਵ ਕੱਪ ਲਈ ਭਾਰਤ ਆ ਰਹੀ ਹੈ।’ ਉਨ੍ਹਾਂ ਨੇ ਬੀਤੀ ਰਾਤ ਸਾਨੂੰ ਪੁਸ਼ਟੀ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਅਤੇ ਹਾਕੀ ਇੰਡੀਆ ਓਲੰਪਿਕ ਚਾਰਟਰ ਦੇ ਨਿਯਮਾਂ ਦਾ ਪਾਲਣ ਕਰਦਿਆਂ ਪਾਕਿਸਤਾਨ ਨੂੰ ਭਾਰਤ ਵਿੱਚ ਕੋਈ ਵੀ ਕੌਮਾਂਤਰੀ ਟੂਰਨਾਮੈਂਟ ਖੇਡਣ ਦੀ ਇਜਾਜ਼ਤ ਦੇਵੇਗੀ। ਭੋਲਾਨਾਥ ਨੇ ਕਿਹਾ ਕਿ ਜੇ 2025-26 ਦੇ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੁੰਦਾ ਹੈ ਤਾਂ ਭਾਰਤ ਜ਼ਰੂਰ ਖੇਡੇਗਾ ਕਿਉਂਕਿ ਇਹ ਕੌਮਾਂਤਰੀ ਟੂਰਨਾਮੈਂਟ ਹੈ।