ਹਾਕੀ: ਓਲੰਪੀਅਨ ਲਲਿਤ ਉਪਾਧਿਆਏ ਨੇ ਸੰਨਿਆਸ ਲਿਆ
ਨਵੀਂ ਦਿੱਲੀ, 23 ਜੂਨ
ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਦੇ ਤਗਮੇ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਰਹੇ ਤਜਰਬੇਕਾਰ ਫਾਰਵਰਡ ਲਲਿਤ ਉਪਾਧਿਆਏ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। ਲਲਿਤ ਨੇ ਸੀਨੀਅਰ ਪੱਧਰ ’ਤੇ ਭਾਰਤ ਲਈ 183 ਮੈਚ ਖੇਡੇ, ਜਿਨ੍ਹਾਂ ਵਿੱਚ ਉਸ ਨੇ ਕੁੱਲ 67 ਗੋਲ ਕੀਤੇ। ਲਲਿਤ ਨੂੰ ਭਾਰਤੀ ਹਾਕੀ ਵਿੱਚ ਯੋਗਦਾਨ ਲਈ 2021 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਸ ਨੇ 2014 ਦੇ ਵਿਸ਼ਵ ਕੱਪ ਵਿੱਚ ਆਪਣੀ ਅੰਤਰਰਾਸ਼ਟਰੀ ਹਾਕੀ ਦੀ ਸ਼ੁਰੂਆਤ ਕੀਤੀ ਸੀ ਅਤੇ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣਾ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਹ ਟੋਕੀਓ 2020 ਓਲੰਪਿਕ ਵਿੱਚ ਇਤਿਹਾਸ ਰਚਣ ਵਾਲੀ ਟੀਮ ਦਾ ਅਹਿਮ ਹਿੱਸਾ ਸੀ। ਉਦੋਂ ਭਾਰਤ ਨੇ ਲੰਬੇ ਸਮੇਂ ਬਾਅਦ ਓਲੰਪਿਕ ਵਿੱਚ ਤਗਮਾ ਜਿੱਤਿਆ ਸੀ। ਭਾਰਤ ਨੇ 2024 ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ ਦੁਬਾਰਾ ਕਾਂਸੀ ਦਾ ਤਗਮਾ ਜਿੱਤਿਆ ਅਤੇ ਲਲਿਤ ਇਸ ਟੀਮ ਦਾ ਵੀ ਅਨਿੱਖੜਵਾਂ ਅੰਗ ਸੀ। ਉਸ ਨੇ ਐਤਵਾਰ ਨੂੰ ਬੈਲਜੀਅਮ ਖ਼ਿਲਾਫ਼ ਐੱਫਆਈਐੱਚ ਪ੍ਰੋ ਲੀਗ 2024-25 ਸੀਜ਼ਨ ਦੇ ਯੂਰਪੀਅਨ ਗੇੜ ਦੇ ਭਾਰਤ ਦੇ ਆਖਰੀ ਮੈਚ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸ ਨੇ ਕਿਹਾ, ‘ਇਹ ਯਾਤਰਾ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋਈ ਸੀ, ਜਿੱਥੇ ਸਾਧਨ ਸੀਮਤ ਸਨ ਪਰ ਸੁਪਨੇ ਬਹੁਤ ਵੱਡੇ ਸਨ।’ ਲਲਿਤ ਨੇ ਲਿਖਿਆ, ‘ਇੱਕ ਸਟਿੰਗ ਅਪਰੇਸ਼ਨ ਦਾ ਸਾਹਮਣਾ ਕਰਨ ਤੋਂ ਲੈ ਕੇ ਇੱਕ ਵਾਰ ਨਹੀਂ, ਸਗੋਂ ਦੋ ਵਾਰ ਓਲੰਪਿਕ ਪੋਡੀਅਮ ਤੱਕ ਪਹੁੰਚਣ ਤੱਕ ਦੀ ਇਹ ਯਾਤਰਾ ਚੁਣੌਤੀਆਂ ਅਤੇ ਮਾਣ ਨਾਲ ਭਰੀ ਹੋਈ ਹੈ।’ ਉਸ ਨੇ ਕਿਹਾ, ‘26 ਸਾਲਾਂ ਬਾਅਦ ਆਪਣੇ ਸ਼ਹਿਰ ਦਾ ਪਹਿਲਾ ਓਲੰਪੀਅਨ ਬਣਨਾ ਮਾਣ ਵਾਲੀ ਗੱਲ ਹੈ।’ ਓਲੰਪਿਕ ਤੋਂ ਇਲਾਵਾ ਲਲਿਤ ਨੇ 2016 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ 2017 ਵਿੱਚ ਏਸ਼ੀਆ ਕੱਪ ਵਿੱਚ ਭਾਰਤ ਦੀਆਂ ਜਿੱਤਾਂ ’ਚ ਵੀ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਸ ਨੇ 2017 ਹਾਕੀ ਵਰਲਡ ਲੀਗ ਫਾਈਨਲ ਵਿੱਚ ਕਾਂਸੀ, 2018 ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ, 2018 ਏਸ਼ੀਅਨ ਖੇਡਾਂ ਵਿੱਚ ਕਾਂਸੀ ਅਤੇ 2018 ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗੇ ਸਮੇਤ ਕਈ ਹੋਰ ਮੁਕਾਬਲਿਆਂ ਵਿੱਚ ਵੀ ਤਗ਼ਮੇ ਜਿੱਤੇ। -ਪੀਟੀਆਈ
ਹਾਕੀ ਇੰਡੀਆ ਦੇ ਪ੍ਰਧਾਨ ਵੱਲੋਂ ਭਵਿੱਖ ਲਈ ਸ਼ੁੱਭਕਾਮਨਾਵਾਂ
ਭਾਰਤੀ ਹਾਕੀ ਵਿੱਚ ਲਲਿਤ ਦੇ ਯੋਗਦਾਨ ਬਾਰੇ ਜ਼ਿਕਰ ਕਰਦਿਆਂ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘ਲਲਿਤ ਆਪਣੀ ਪੀੜ੍ਹੀ ਦੇ ਸਭ ਤੋਂ ਸ਼ਾਨਦਾਰ ਅਤੇ ਸਮਰਪਿਤ ਫਾਰਵਰਡਾਂ ’ਚੋਂ ਇੱਕ ਰਿਹਾ ਹੈ। ਵਾਰਾਣਸੀ ਦੀਆਂ ਤੰਗ ਗਲੀਆਂ ਤੋਂ ਦੋ ਵਾਰ ਓਲੰਪਿਕ ਪੋਡੀਅਮ ’ਤੇ ਖੜ੍ਹੇ ਹੋਣ ਤੱਕ ਦਾ ਉਸ ਦਾ ਸਫ਼ਰ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹੈ। ਅਸੀਂ ਭਾਰਤੀ ਹਾਕੀ ਲਈ ਸੇਵਾ ਵਾਸਤੇ ਉਸ ਦਾ ਧੰਨਵਾਦ ਕਰਦੇ ਹਾਂ ਅਤੇ ਉਸ ਦੀ ਜ਼ਿੰਦਗੀ ਦੀ ਅਗਲੀ ਪਾਰੀ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।’