ਹਾਕੀ: ਹਰਮਨਪ੍ਰੀਤ ਦੇ ਚਾਰ ਗੋਲਾਂ ਸਦਕਾ ਭਾਰਤ ਦੀ ਪਾਕਿ ਖ਼ਿਲਾਫ ਸਭ ਤੋਂ ਵੱਡੀ ਜਿੱਤ
ਹਾਂਗਜ਼ੂ, 30 ਸਤੰਬਰ
ਕਪਤਾਨ ਹਰਮਨਪ੍ਰੀਤ ਸਿੰਘ ਦੇ ਚਾਰ ਗੋਲਾਂ ਸਦਕਾ ਭਾਰਤੀ ਹਾਕੀ ਟੀਮ ਨੇ ਇੱਥੇ ਏਸ਼ਿਆਈ ਖੇਡਾਂ ’ਚ ਪੂਲ-ਏ ਦੇ ਇੱਕ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ 10-2 ਗੋਲਾਂ ਦੇ ਅੰਤਰ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਦਰਜ ਕਰਦਿਆਂ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਵੱਲੋਂ ਹਰਮਨਪ੍ਰੀਤ ਨੇ 11ਵੇਂ, 17ਵੇਂ, 33ਵੇਂ ਅਤੇ 34ਵੇਂ ਮਿੰਟ ’ਚ ਚਾਰ ਗੋਲ ਜਦਕਿ ਵਰੁਣ ਕੁਮਾਰ ਨੇ 41ਵੇਂ ਤੇ 54ਵੇਂ ਮਿੰਟ ’ਚ ਦੋ ਗੋਲ ਦਾਗੇ। ਮਨਦੀਪ ਸਿੰਘ ਨੇ 8ਵੇਂ ਮਿੰਟ, ਸੁਮਿਤ ਨੇ 30ਵੇਂ, ਸਮਸ਼ੇਰ ਸਿੰਘ ਨੇ 46ਵੇਂ ਅਤੇ ਲਲਿਤ ਕੁਮਾਰ ਉਪਾਧਿਆਏ ਨੇ 49ਵੇਂ ਮਿੰਟ ’ਚ ਗੋਲ ਕੀਤੇ। ਪਾਕਿਸਤਾਨੀ ਟੀਮ ਵੱਲੋਂ ਮੁਹੰਮਦ ਖ਼ਾਨ ਅਤੇ ਅਬਦੁੱਲ ਰਾਣਾ ਨੇ ਕ੍ਰਮਵਾਰ 38ਵੇਂ ਅਤੇ 45ਵੇਂ ਮਿੰਟ ’ਚ ਦੋ ਗੋਲ ਕਰਕੇ ਗੋਲ ਅੰਤਰ ਨੂੰ ਘਟਾਉਣ ਦਾ ਯਤਨ ਕੀਤਾ ਹਾਲਾਂਕਿ ਭਾਰਤ ਨੇ ਆਪਣੇ ਫ਼ੈਸਲਾਕੁਨ ਪੂਲ ਮੈਚ ਵਿੱਚ ਵਿਰੋਧੀ ਟੀਮ ਨੂੰ ਵੱਡੇ ਅੰਤਰ ਨਾਲ ਮਾਤ ਦਿੱਤੀ।
ਦੋਵਾਂ ਟੀਮਾਂ ਵਿਚਾਲੇ ਇਹ 180ਵਾਂ ਮੈਚ ਸੀ ਅਤੇ ਭਾਰਤ-ਪਾਕਿਸਤਾਨ ਹਾਕੀ ਟੀਮਾਂ ਦੇ ਇਤਿਹਾਸ ’ਚ 8 ਗੋਲਾਂ ਦੇ ਅੰਤਰ ਨਾਲ ਮਿਲੀ ਜਿੱਤ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਸਭ ਤੋਂ ਵੱਡੀ ਜਿੱਤ 7-1 ਗੋਲਾਂ ਦੇ ਅੰਤਰ ਨਾਲ 2017 ਵਿੱਚ ਹਾਸਲ ਕੀਤੀ ਸੀ। ਜਦਕਿ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਸਭ ਤੋਂ ਵੱਡੀ ਜਿੱਤ ਨਵੀਂ ਦਿੱਲੀ ਏਸ਼ਿਆਈ ਖੇਡਾਂ-1982 ਵਿੱਚ ਹਾਸਲ ਕੀਤੀ ਸੀ, ਜਿੱਥੇ ਉਸ ਨੇ ਹਾਕੀ ਦੇ ਫਾਈਨਲ ’ਚ ਮੇਜ਼ਬਾਨ ਮੁਲਕ ਨੂੰ 7-1 ਨਾਲ ਹਰਾਇਆ ਸੀ। ਭਾਰਤ ਨੇ ਅੱਜ ਇਸ ਜਿੱਤ ਨਾਲ 41 ਸਾਲ ਪਹਿਲਾਂ ਮਿਲੀ ਅਪਮਾਨਜਨਕ ਹਾਰ ਦਾ ਹਿਸਾਬ ਬਰਾਬਰ ਕਰ ਲਿਆ ਹੈ। ਏਸ਼ਿਆਈ ਖੇਡਾਂ ’ਚ ਭਾਰਤੀ ਟੀਮ ਚਾਰ ਜਿੱਤਾਂ ਤੋਂ 12 ਅੰਕਾਂ ਨਾਲ ਪੂਲ ਵਿੱਚ ਚੋਟੀ ਹੈ ਅਤੇ ਟੀਮ ਨੇ ਆਪਣਾ ਆਖਰੀ ਪੂਲ ਮੈਚ ਹੁਣ 2 ਅਕਤੂਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਖੇਡਣਾ ਹੈ। -ਪੀਟੀਆਈ