ਹਾਕੀ: ਭਾਰਤ ਨੇ ਚੌਥੀ ਵਾਰ ਏਸ਼ੀਆ ਕੱਪ ਜਿੱਤਿਆ; ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਦਿਲਪ੍ਰੀਤ ਸਿੰਘ ਦੇ ਦੋ ਗੋਲਾਂ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਫਾਈਨਲ ਵਿੱਚ 4-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਸ਼ੀਆ ਕੱਪ ਜਿੱਤਣ ’ਤੇ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਹਾਕੀ ਅਤੇ ਭਾਰਤੀ ਖੇਡਾਂ ਲਈ ਮਾਣਮੱਤਾ ਪਲ ਹੈ।
ਭਾਰਤ ਲਈ ਸੁਖਜੀਤ ਸਿੰਘ ਨੇ ਪਹਿਲੇ ਹੀ ਮਿੰਟ ਵਿੱਚ ਗੋਲ ਕਰ ਦਿੱਤਾ ਜਦਕਿ ਦਿਲਪ੍ਰੀਤ ਨੇ 28ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕੀਤੇ। ਅਮਿਤ ਰੋਹੀਦਾਸ ਨੇ 50ਵੇਂ ਮਿੰਟ ਵਿੱਚ ਚੌਥਾ ਗੋਲ ਕੀਤਾ। ਉੱਧਰ, ਪੰਜ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਲਈ ਇਕ ਮਾਤਰ ਗੋਲ 51ਵੇਂ ਮਿੰਟ ਵਿੱਚ ਡੇਨ ਸੋਨ ਨੇ ਕੀਤਾ। ਭਾਰਤ ਨੇ ਟੂਰਨਾਮੈਂਟ ਵਿੱਚ ਪੰਜ ਜਿੱਤਾਂ ਦਰਜ ਕੀਤੀਆਂ ਅਤੇ ਇਕ ਡਰਾਅ ਖੇਡਿਆ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਨੇ ਤਿੰਨੋਂ ਪੂਲ ਮੈਚ ਜਿੱਤੇ।
ਸੁਪਰ 4 ਗੇੜ ਵਿੱਚ ਮਲੇਸ਼ੀਆ ਨੂੰ 4-1 ਅਤੇ ਚੀਨ ਨੂੰ 7-0 ਨਾਲ ਹਰਾਇਆ ਜਦਕਿ ਕੋਰੀਆ ਨਾਲ ਮੈਚ 2-2 ਨਾਲ ਡਰਾਅ ਰਿਹਾ ਸੀ। ਭਾਰਤ ਨੇ ਇਸ ਤੋਂ ਪਹਿਲਾਂ 2003, 2007 ਅਤੇ 2017 ਵਿੱਚ ਏਸ਼ੀਆ ਕੱਪ ਜਿੱਤਿਆ ਸੀ। ਦੱਖਣੀ ਕੋਰੀਆ ਨੇ 1994, 1999, 2009, 2013 ਅਤੇ 2022 ਵਿੱਚ ਖ਼ਿਤਾਬ ਜਿੱਤਿਆ ਹੈ। ਅਗਲਾ ਵਿਸ਼ਵ ਕੱਪ 2026 ਵਿੱਚ 14 ਤੋਂ 30 ਅਗਸਤ ਤੱਕ ਹੋਣਾ ਹੈ। ਭਾਰਤ ਨੇ ਹੁਣ ਤੱਕ ਸਿਰਫ਼ ਇਕ ਵਾਰ 1975 ਵਿੱਚ ਕੁਆਲਾਲੰਪੁਰ ਵਿਸ਼ਵ ਕੱਪ ਜਿੱਤਿਆ ਹੈ।
ਮਲੇਸ਼ੀਆ ਨੇ ਤੀਜਾ ਸਥਾਨ ਹਾਸਲ ਕੀਤਾ
ਹੋਰ ਪੁਜੀਸ਼ਨਾਂ ਲਈ ਮੁਕਾਬਲਿਆਂ ’ਚ ਮਲੇਸ਼ੀਆ ਨੇ ਚੀਨ ਨੂੰ 3-0 ਗੋਲਾਂ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਚੀਨ ਚੌਥੇ ਸਥਾਨ ’ਤੇ ਰਿਹਾ। ਪੰਜਵੇਂ ਤੇ ਛੇਵੇਂ ਸਥਾਨ ਲਈ ਮੈਚ ਵਿੱਚ ਜਪਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਪੰਜਵਾਂ ਸਥਾਨ ਮੱਲਿਆ।