ਹਾਕੀ: ਭਾਰਤ ਨੇ ਸਿੰਗਾਪੁਰ ਨੂੰ 16-1 ਨਾਲ ਹਰਾਇਆ
ਹਾਂਗਜ਼ੂ, 26 ਸਤੰਬਰ
ਖਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਟੀਮ ਨੇ ਅੱਜ ਇੱਥੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ’ਚ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਉਜ਼ਬੇਕਿਸਤਾਨ ਨੂੰ 16-0 ਨਾਲ ਮਾਤ ਦਿੱਤੀ ਸੀ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਅਤੇ ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਲਈ ਇਕ ਵਾਰ ਫਿਰ ਇਹ ਬੇਮੇਲ ਮੁਕਾਬਲਾ ਸੀ ਕਿਉਂਕਿ ਸਿੰਗਾਪੁਰ ਰੈਂਕਿੰਗ ਵਿਚ 49ਵੇਂ ਸਥਾਨ ’ਤੇ ਹੈ। ਭਾਰਤ ਨੂੰ ਮੈਚ ’ਚ 22 ਪੈਨਲਟੀ ਕਾਰਨਰ ਮਿਲੇ। ਭਾਰਤ ਹੁਣ 28 ਸਤੰਬਰ ਨੂੰ ਪੂਲ-ਏ ਦੇ ਅਗਲੇ ਲੀਗ ਮੈਚ ਵਿੱਚ ਮੌਜੂਦਾ ਚੈਂਪੀਅਨ ਜਾਪਾਨ ਨਾਲ ਭਿੜੇਗਾ। ਭਾਰਤ ਨੂੰ ਛੇਵੇਂ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਸੁਖਜੀਤ ਸਿੰਘ ਦੇ ਸ਼ਾਟ ਨੂੰ ਸਿੰਗਾਪੁਰ ਦੇ ਗੋਲਕੀਪਰ ਸੈਂਡਰਾਨ ਗੁਗਾਨ ਨੇ ਬਚਾ ਲਿਆ। ਭਾਰਤ ਨੂੰ ਅਗਲੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਕਪਤਾਨ ਹਰਮਨਪ੍ਰੀਤ ਸਿੰਘ ਦੀ ਫਲਿਕ ਬੇਕਾਰ ਗਈ। ਦੋ ਮਿੰਟ ਬਾਅਦ ਮਨਦੀਪ ਨੇ ਦੂਜੇ ਪੈਨਲਟੀ ਕਾਰਨਰ ਦਾ ਮੌਕਾ ਬਣਾਇਆ ਪਰ ਸਿੰਗਾਪੁਰ ਦੇ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ। ਆਖਿਰਕਾਰ 12ਵੇਂ ਮਿੰਟ ਵਿੱਚ ਗੁਰਜੰਟ ਦੇ ਪਾਸ ’ਤੇ ਮਨਦੀਪ ਨੇ ਗੋਲ ਕਰ ਕੇ ਟੀਮ ਦਾ ਖਾਤਾ ਖੋਲ੍ਹਿਆ। ਪਹਿਲੇ ਕੁਆਰਟਰ ਦੇ ਆਖ਼ਰੀ ਦੋ ਮਿੰਟਾਂ ਵਿੱਚ ਭਾਰਤ ਨੂੰ ਮਿਲੇ ਦੋ ਪੈਨਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਪੰਜ ਪੈਨਲਟੀ ਕਾਰਨਰ ਮਿਲੇ ਪਰ ਇੱਕ ਵੀ ਗੋਲ ਨਹੀਂ ਹੋ ਸਕਿਆ।
ਮਗਰੋਂ ਦੂਜੇ ਕੁਆਰਟਰ ਵਿੱਚ ਭਾਰਤ ਨੇ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਪੰਜ ਗੋਲ ਕੀਤੇ। ਦੂਜੇ ਕੁਆਰਟਰ ਦੀ ਸ਼ੁਰੂਆਤ ’ਚ ਲਲਿਤ ਨੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਉਥੇ ਹੀ 21ਵੇਂ ਮਿੰਟ ਵਿੱਚ ਗੁਰਜੰਟ ਨੇ ਤੀਜਾ ਗੋਲ ਕੀਤਾ, ਜਿਸ ਨੂੰ ਮਨਦੀਪ ਨੇ ਪਾਸ ਦਿੱਤਾ ਸੀ।। ਵਿਵੇਕ ਸਾਗਰ ਪ੍ਰਸਾਦ ਨੇ ਇਕ ਮਿੰਟ ਬਾਅਦ ਭਾਰਤ ਲਈ ਚੌਥਾ ਗੋਲ ਕੀਤਾ। ਹਰਮਨਪ੍ਰੀਤ ਨੇ ਅਗਲੇ ਹੀ ਮਿੰਟ ‘ਚ ਪੈਨਲਟੀ ’ਤੇ ਗੋਲ ਕਰ ਕੇ ਸਕੋਰ 5-0 ਕਰ ਦਿੱਤਾ। ਅੱਧੇ ਸਮੇਂ ਤੋਂ ਠੀਕ ਪਹਿਲਾਂ ਪੈਨਲਟੀ ਕਾਰਨਰ ’ਤੇ ਅਮਿਤ ਰੋਹੀਦਾਸ ਦੀ ਫਲਿੱਕ ਨੂੰ ਮਨਦੀਪ ਨੇ ਗੋਲ ’ਚ ਬਦਲਿਆ। ਬ੍ਰੇਕ ਤੋਂ ਬਾਅਦ ਭਾਰਤ ਨੂੰ 11ਵਾਂ ਪੈਨਲਟੀ ਕਾਰਨਰ ਮਿਲਿਆ ਪਰ ਹਰਮਨਪ੍ਰੀਤ ਗੋਲ ਕਰਨ ਤੋਂ ਖੁੰਝ ਗਿਆ। ਮਨਪ੍ਰੀਤ ਨੇ 37ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਹਰਮਨਪ੍ਰੀਤ ਦੇ ਫਲਿੱਕ ’ਤੇ ਗੋਲ ਕਰਕੇ ਭਾਰਤ ਦੀ ਲੀਡ ਹੋਰ ਵਧਾ ਦਿੱਤੀ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ। ਭਾਰਤ ਨੂੰ ਮੈਚ ’ਚ 22 ਪੈਨਲਟੀ ਕਾਰਨਰ ਮਿਲੇ ਪਰ ਅੱਠ ’ਤੇ ਹੀ ਗੋਲ ਹੋਏ। -ਪੀਟੀਆਈ
ਹਰਮਨਪ੍ਰੀਤ ਨੇ ਚਾਰ ਅਤੇ ਮਨਦੀਪ ਨੇ ਤਿੰਨ ਗੋਲ ਕੀਤੇ
ਭਾਰਤ ਲਈ ਹਰਮਨਪ੍ਰੀਤ ਨੇ ਚਾਰ (24ਵੇਂ, 39ਵੇਂ, 40ਵੇਂ, 42ਵੇਂ ਮਿੰਟ), ਮਨਦੀਪ ਨੇ ਤਿੰਨ (12ਵੇਂ, 30ਵੇਂ ਅਤੇ 51ਵੇਂ ਮਿੰਟ), ਵਰੁਣ ਕੁਮਾਰ ਨੇ ਦੋ (55ਵੇਂ ਮਿੰਟ), ਅਭਿਸ਼ੇਕ ਨੇ ਦੋ (51ਵੇਂ ਅਤੇ 52ਵੇਂ ਮਿੰਟ) ਅਤੇ ਵੀ ਐੱਸ ਪ੍ਰਸਾਦ (23ਵੇਂ ਮਿੰਟ), ਗੁਰਜੰਟ ਸਿੰਘ (22ਵੇਂ), ਲਲਿਤ ਉਪਾਧਿਆਏ (16ਵੇਂ), ਸ਼ਮਸ਼ੇਰ ਸਿੰਘ (38ਵੇਂ) ਤੇ ਮਨਪ੍ਰੀਤ ਸਿੰਘ (37ਵੇਂ) ਨੇ ਇੱਕ-ਇੱਕ ਗੋਲ ਕੀਤੇ। ਸਿੰਗਾਪੁਰ ਲਈ ਇੱਕੋ-ਇੱਕ ਗੋਲ ਮੁਹੰਮਦ ਜ਼ਾਕੀ ਬਿਨ ਜ਼ੁਲਕਰਨੈਨ ਨੇ 53ਵੇਂ ਮਿੰਟ ਵਿੱਚ ਕੀਤਾ। ਸਾਰਾ ਮੈਚ ਸਿੰਗਾਪੁਰ ਦੇ ਸਰਕਲ ਵਿੱਚ ਹੋਇਆ ਅਤੇ ਭਾਰਤੀ ਗੋਲਕੀਪਰ ਇੱਕ ਵਾਰ ਫਿਰ ਮੂਕ ਦਰਸ਼ਕ ਬਣਿਆ ਰਿਹਾ।