ਆਈਂਡਹੋਵਨ (ਨੈਦਰਲੈਂਡਜ਼), 10 ਜੁਲਾਈ
ਭਾਰਤ-ਏ ਪੁਰਸ਼ ਹਾਕੀ ਟੀਮ ਨੇ ਯੂਰਪੀ ਦੌਰੇ ’ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਹਾਕੀ ਕਲੱਬ ਓਰੇਂਜੇ ਰੂਡ ’ਚ ਆਇਰਲੈਂਡ ਨੂੰ 6-0 ਨਾਲ ਹਰਾ ਦਿੱਤਾ। ਇਹ ਭਾਰਤ-ਏ ਦੀ ਆਇਰਲੈਂਡ ਖ਼ਿਲਾਫ਼ ਲਗਾਤਾਰ ਦੂਜੀ ਜਿੱਤ ਹੈ, ਜਿਸ ਨੂੰ ਦੌਰੇ ਦੇ ਪਹਿਲੇ ਮੈਚ ’ਚ ਉਸ ਨੇ 6-1 ਨਾਲ ਹਰਾਇਆ ਸੀ। ਮੈਚ ਦੌਰਾਨ ਉੱਤਮ ਸਿੰਘ ਨੇ ਭਾਰਤ ਲਈ ਪਹਿਲਾ ਗੋਲ ਕੀਤਾ, ਜਿਸ ਮਗਰੋਂ ਕਪਤਾਨ ਸੰਜੈ ਨੇ ਗੋਲ ਦਾਗਦਿਆਂ ਸਕੋਰ 2-0 ਕਰ ਦਿੱਤਾ। ਇਸ ਤੋਂ ਬਾਅਦ ਮਿਡਫੀਲਡਰ ਮੁਹੰਮਦ ਰਾਹੀਲ ਮੌਸੀਨ ਨੇ ਲਗਾਤਾਰ ਦੋ ਗੋਲ ਦਾਗੇ। ਅਮਨਦੀਪ ਲਾਕੜਾ ਤੇ ਵਰੁਣ ਕੁਮਾਰ ਨੇ ਇੱਕ-ਇੱਕ ਗੋਲ ਕੀਤਾ।
ਭਾਰਤੀ ਟੀਮ ਦਾ ਅਗਲਾ ਮੁਕਾਬਲਾ ਸ਼ਨਿਚਰਵਾਰ ਨੂੰ ਫਰਾਂਸ ਨਾਲ ਹੋਵੇਗਾ। ਭਾਰਤੀ ਕੋਚ ਸ਼ਿਵੇਂਦਰ ਸਿੰਘ ਨੇ ਕਿਹਾ ਕਿ ਟੀਮ ਆਇਰਲੈਂਡ ਖ਼ਿਲਾਫ਼ ਕੀਤੇ ਸ਼ਾਨਦਾਰ ਪ੍ਰਦਰਸ਼ਨ ਨੂੰ ਫਰਾਂਸ ਖ਼ਿਲਾਫ਼ ਹੋਣ ਵਾਲੇ ਮੈਚਾਂ ’ਚ ਵੀ ਜਾਰੀ ਰੱਖਣਾ ਚਾਹੇਗੀ। ਉਨ੍ਹਾਂ ਆਖਿਆ, ‘‘ਆਇਰਲੈਂਡ ਖ਼ਿਲਾਫ਼ ਸਾਡੇ ਦੋ ਮੈਚ ਵਧੀਆ ਰਹੇ ਹਨ ਤੇ ਮੈਂ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਹੁਣ ਸਾਡਾ ਸਾਹਮਣਾ ਫਰਾਂਸ ਨਾਲ ਹੋਵੇਗਾ ਤੇ ਮੈਨੂੰ ਉਮੀਦ ਹੈ ਕਿ ਸਾਡੀ ਟੀਮ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ।’’ ਆਇਰਲੈਂਡ ਤੇ ਫਰਾਂਸ ਤੋਂ ਇਲਾਵਾ ਭਾਰਤ ਦੋ ਹਫ਼ਤਿਆਂ ਦੇ ਆਪਣੇ ਯੂਰਪੀ ਦੌਰੇ ਦੌਰਾਨ ਇੰਗਲੈਂਡ, ਬੈਲਜੀਅਮ ਤੇ ਮੇਜ਼ਬਾਨ ਨੈਦਰਲੈਂਡਜ਼ ਖ਼ਿਲਾਫ਼ ਵੀ ਮੈਚ ਖੇਡੇਗਾ। -ਪੀਟੀਆਈ