ਵਿਸ਼ਵ ਕੱਪ ਜਿੱਤਣ ਮਗਰੋਂ ਵੱਖ-ਵੱਖ ਬਰਾਂਡ ਭਾਰਤੀ ਮਹਿਲਾ ਕ੍ਰਿਕਟਰਾਂ ਵਿੱਚ ਦਿਲਚਸਪੀ ਦਿਖਾਉਣ ਲੱਗੇ ਹਨ। ਇਨ੍ਹਾਂ ਖਿਡਾਰਨਾਂ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਵੀ ਸ਼ਾਮਲ ਹੈ, ਜਿਸ ਦਾ ਇਸ਼ਤਿਹਾਰਬਾਜ਼ੀ ਪੋਰਟਫੋਲੀਓ ਅਗਲੇ ਮਹੀਨਿਆਂ ਦੌਰਾਨ ਤਿੰਨ ਗੁਣਾਂ ਹੋਣ ਦੀ ਉਮੀਦ ਹੈ। ਨਵੀ ਮੁੰਬਈ ਵਿੱਚ ਖੇਡੇ ਫਾਈਨਲ ਵਿੱਚ ਨਾਦਿਨ ਡੀ ਕਲਰਕ ਦਾ ਕੈਚ ਲੈ ਕੇ ਭਾਰਤ ਨੂੰ ਦੱਖਣੀ ਅਫਰੀਕਾ ’ਤੇ ਜਿੱਤ ਦਿਵਾਉਣ ਵਾਲੀ ਹਰਮਨਪ੍ਰੀਤ ਵਿਸ਼ਵ ਕੱਪ ਤੋਂ ਪਹਿਲਾਂ ਅੱਠ ਤੋਂ ਵੱਧ ਕੰਪਨੀਆਂ ਨਾਲ ਜੁੜੀ ਹੋਈ ਸੀ। ਉਸ ਦੀ ਮੈਨੇਜਰ ਨੂਪੁਰ ਕਸ਼ਯਪ ਨੇ ਦੱਸਿਆ ਕਿ ਹੁਣ ਇਸ ਵਿੱਚ ਤਬਦੀਲੀ ਆ ਰਹੀ ਹੈ।
ਨੂਪੁਰ ਕਸ਼ਯਪ ਨੇ ਕਿਹਾ, ‘‘ਵਿਸ਼ਵ ਕੱਪ ਮਗਰੋਂ ਹੁਣ ਖੇਡ ਤੋਂ ਬਾਹਰੀ ਖੇਤਰਾਂ ਦੇ ਬਰਾਂਡ ਹਰਮਨਪ੍ਰੀਤ ਕੌਰ ਨਾਲ ਰਾਬਤਾ ਬਣਾ ਰਹੇ ਹਨ ਅਤੇ ਜੁੜਨ ਲਈ ਤਿਆਰ ਹਨ।’’ ਉਨ੍ਹਾਂ ਕਿਹਾ ਕਿ 2017 ਦਾ ਫਾਈਨਲ ਭਾਰਤ ਵਿੱਚ ਮਹਿਲਾ ਕ੍ਰਿਕਟ ਲਈ ਵੱਡੀ ਪ੍ਰਾਪਤੀ ਸੀ, ਪਰ ਅੱਠ ਸਾਲਾਂ ਮਗਰੋਂ ਖ਼ਿਤਾਬੀ ਜਿੱਤ ਨੇ ਖੇਡ ਦੀ ਹਰਮਨਪਿਆਰਤਾ ਅਤੇ ਬਰਾਂਡ ਦੀ ਦਿਲਚਸਪੀ ਨੂੰ ਦੂਜੇ ਪੱਧਰ ਤੱਕ ਲਿਆਂਦਾ ਹੈ।

