ਮੁਹਾਲੀ ਦੇ ਗੁਰਨੂਰ ਨੇ ਨਿਸ਼ਾਨੇਬਾਜ਼ੀ ’ਚ ਸੋਨ ਤਗ਼ਮਾ ਜਿੱਤਿਆ
ਗੁਜਰਾਤ ਦੇ ਅਹਿਮਦਾਬਾਦ ’ਚ ਚੱਲ ਰਹੀ 34ਵੀਂ ਆਲ ਇੰਡੀਆ ਜੀ ਵੀ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੇ ਫੇਜ਼-6 ਦੀ ਸ਼ੂਟਿੰਗ ਰੇਂਜ ਦੇ ਖ਼ਿਡਾਰੀ ਗੁਰਨੂਰ ਸਿੰਘ ਮਾਵੀ (22) ਨੇ 32 ਬੋਰ ਪਿਸਟਲ (ਸੈਂਟਰ ਫਾਇਰ) ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ...
ਗੁਜਰਾਤ ਦੇ ਅਹਿਮਦਾਬਾਦ ’ਚ ਚੱਲ ਰਹੀ 34ਵੀਂ ਆਲ ਇੰਡੀਆ ਜੀ ਵੀ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੇ ਫੇਜ਼-6 ਦੀ ਸ਼ੂਟਿੰਗ ਰੇਂਜ ਦੇ ਖ਼ਿਡਾਰੀ ਗੁਰਨੂਰ ਸਿੰਘ ਮਾਵੀ (22) ਨੇ 32 ਬੋਰ ਪਿਸਟਲ (ਸੈਂਟਰ ਫਾਇਰ) ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਉਸ ਨੇ 2024 ਵਿਚ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਤੇ ਇਸ ਵਰ੍ਹੇ ਵੀ ਆਪਣੀ ਚੜ੍ਹਤ ਬਰਕਰਾਰ ਰੱਖੀ।
ਗੁਰਨੂਰ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਗ੍ਰੈਜੂਏਸ਼ਨ ਦਾ ਵਿਦਿਆਰਥੀ ਹੈ ਅਤੇ ਮੁਹਾਲੀ ਦੀ ਸ਼ੂਟਿੰਗ ਰੇਂਜ ਦੇ ਸਰਕਾਰੀ ਕੋਚ ਸੁਪਰੀਤ ਸਿੰਘ ਧਾਲੀਵਾਲ ਤੋਂ ਕੋਚਿੰਗ ਲੈ ਰਿਹਾ ਹੈ। ਮੁਹਾਲੀ ਜ਼ਿਲ੍ਹੇ ਦੇ ਪਿੰਡ ਸਹੌੜਾਂ ਦੇ ਮਰਹੂਮ ਪੁਲੀਸ ਇੰਸਪੈਕਟਰ ਜਰਨੈਲ ਸਿੰਘ ਦਾ ਪੁੱਤਰ ਗੁਰਨੂਰ ਮਾਵੀ ਆਜ਼ਾਦੀ ਘੁਲਾਟੀਆ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਦਾਦਾ ਮਰਹੂਮ ਗੁਰਦਿਆਲ ਸਿੰਘ ਆਜ਼ਾਦੀ ਘੁਲਾਟੀਏ ਸਨ ਜੋ ਸੁਭਾਸ਼ ਚੰਦਰ ਬੋਸ ਦੇ ਨਾਲ ਕੰਮ ਕਰਦੇ ਰਹੇ ਹਨ। ਗੁਰਨੂਰ ਮਾਵੀ ਨੇ ਆਪਣੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਲਗਾਤਾਰ ਅਭਿਆਸ ਕਰ ਰਿਹਾ ਹੈ ਤੇ ਵੱਡੀਆਂ ਪ੍ਰਾਪਤੀਆਂ ਦਾ ਇਛੁੱਕ ਹੈ।

