ਸੁਨਹਿਰੀ ਪੰਚ: ਜੈਸਮੀਨ ਲੈਂਬੋਰੀਆ ਬਣੀ ਵਿਸ਼ਵ ਚੈਂਪੀਅਨ
ਭਾਰਤੀ ਮੁੱਕੇਬਾਜ਼ ਜੈਸਮੀਨ ਲੈਂਬੋਰੀਆ ਨੇ ਪੈਰਿਸ ਓਲੰਪਿਕ ਵਿਚ ਚਾਂਦੀ ਦਾ ਤਗ਼ਮਾ ਜੇਤੂ ਪੋਲੈਂਡ ਦੀ ਜੂਲੀਆ ਸੇਰੇਮੇਟਾ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਵਿਚ ਫੈਦਰਵੇਟ ਖਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ।
ਜੈਸਮੀਨ ਨੇ ਸ਼ਨਿੱਚਰਵਾਰ ਦੇਰ ਰਾਤ 57 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਸੇਰੇਮੇਟਾ ਨੂੰ 4-1 ਨਾਲ ਹਰਾਇਆ। ਜੱਜਾਂ ਦੋ ਸਕੋਰਬੋਰਡ (30-27, 29-28, 30-27, 28-29, 29-28) ਦੇ ਅਧਾਰ ’ਤੇ ਜੈਸਮੀਨ ਨੇ ਇਹ ਜਿੱਤ ਦਰਜ ਕੀਤੀ। ਹਾਲਾਂਕਿ ਨੂਪੁਰ ਸ਼ਿਓਰਾਨ (80+ ਕਿਲੋ) ਤੇ ਤਜਰਬੇਕਾਰ ਪੂਜਾ ਰਾਣੀ (80 ਕਿਲੋ) ਨੇ ਗੈਰ ਓਲੰਪਿਕ ਭਾਰ ਵਰਗ ਵਿਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ।
ਜੈਸਮੀਨ ਇਸ ਜਿੱਤ ਨਾਲ ਨੌਵੀਂ ਭਾਰਤੀ ਮੁੱਕੇਬਾਜ਼ ਬਣ ਗਈ ਹੈ ਜਿਸ ਦੇ ਸਿਰ ਵਿਸ਼ਵ ਚੈਂਪੀਅਨਸ਼ਿਪ ਦਾ ਤਾਜ ਸਜਿਆ ਹੈ। ਉਹ ਛੇ ਵਾਰ ਦੀ ਜੇਤੂ ਮੈਰੀ ਕਾਮ (2002, 2005, 2006, 2008, 2010 ਅਤੇ 2018), ਦੋ ਵਾਰ ਦੀ ਜੇਤੂ ਨਿਖਤ ਜ਼ਰੀਨ (2022 ਅਤੇ 2023), ਸਰਿਤਾ ਦੇਵੀ (2006), ਜੈਨੀ ਆਰਐਲ (2006), ਲੇਖਾ ਕੇਸੀ(2006), ਨੀਤੂ ਘਣਘਸ (2023), ਲਵਲੀਨਾ ਬੋਰਗੋਹੇਨ (2023) ਅਤੇ ਸਵੀਟੀ ਬੋਰਾ (2023) ਦੀ ਸ਼ਾਨਦਰ ਸੂਚੀ ਵਿਚ ਸ਼ਾਮਲ ਹੋ ਗਈ।
ਨੂਪੁਰ ਨੇ ਚਾਂਦੀ ਤੇ ਪੂਜਾ ਨੇ ਕਾਂਸੀ ਜਿੱਤੀ
ਰਾਤ ਦੇ ਦੂਜੇ ਫਾਈਨਲ ਵਿਚ ਨੂਪੁਰ ਨੂੰ ਪੋਲੈਂਡ ਦੀ ਤਕਨੀਕੀ ਤੌਰ ’ਤੇ ਤੇਜ਼ ਤਰਾਰ ਮੁੱਕੇਬਾਜ਼ ਅਗਾਤਾ ਕਾਜ਼ਮਾਸਕਰਾ ਕੋਲੋਂ 2-3 ਦੀ ਮਾਮੂਲੀ ਹਾਰ ਕਰਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਮੁਕਾਬਲੇ ਵਿਚ ਅੱਗੇ ਹੋਣ ਦੇ ਬਾਵਜੂਦ ਨੂਪੁਰ ਅਖੀਰ ਤੱਕ ਆਪਣੀ ਪਕੜ ਨਹੀਂ ਬਣਾ ਸਕੀ। ਉਸ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਤੇ ਮੁੱਕਿਆਂ ਦੀ ਝੜੀ ਲਾ ਦਿੱਤੀ, ਪਰ ਕਾਜ਼ਮਾਸਰਕਾ ਨੇ ਲਗਾਤਾਰ ਹਮਲਾਵਰ ਰੁਖ਼ ਅਪਣਾਇਆ। ਉਸ ਨੇ ਨੂਪੁਰ ਨੂੰ ਜ਼ੋਰਦਾਰ ਪੰਚ ਲਾਏ, ਜਿਸ ਕਰਕੇ ਭਾਰਤੀ ਮੁੱਕੇਬਾਜ਼ ਥੱਕ ਗਈ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਪੂਜਾ ਨੂੰ ਸਥਾਨਕ ਮੁੱਕੇਬਾਜ਼ ਐਮਿਲੀ ਐਸਕੁਇਥ ਤੋਂ 1-4 ਦੇ ਵੰਡਵੇਂ ਫੈਸਲੇ ਨਾਲ ਹਾਰ ਕੇ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ।