ਟੀ-20 ਲੜੀ ਵਿੱਚ ਗਿੱਲ ਦੀ ਵਾਪਸੀ
ਗਰਦਨ ਦੀ ਸੱਟ ਤੋਂ ਉੱਭਰਿਆ; ਬੋਰਡ ਨੇ ਕੋਹਲੀ ਤੇ ਰੋਹਿਤ ਨਾਲ ਮੀਟਿੰਗ ਦੀਆਂ ਖ਼ਬਰਾਂ ਨਕਾਰੀਆਂ
ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਗਰਦਨ ਦੀ ਸੱਟ ਤੋਂ ਉੱਭਰਨ ਮਗਰੋਂ ਦੱਖਣੀ ਅਫਰੀਕਾ ਖ਼ਿਲਾਫ਼ ਹੋਣ ਵਾਲੀ ਟੀ-20 ਲੜੀ ਲਈ ਉਪ ਕਪਤਾਨ ਵਜੋਂ ਵਾਪਸੀ ਕਰੇਗਾ। ਭਾਰਤੀ ਟੈਸਟ ਅਤੇ ਇੱਕ ਰੋਜ਼ਾ ਟੀਮ ਦੇ ਕਪਤਾਨ ਗਿੱਲ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਖਿਲਾਫ਼ ਪਹਿਲੇ ਟੈਸਟ ਦੌਰਾਨ ਸੱਟ ਲੱਗੀ ਸੀ। ਇਸ ਕਾਰਨ ਉਹ ਗੁਹਾਟੀ ਵਿੱਚ ਹੋਏ ਦੂਜੇ ਟੈਸਟ ਅਤੇ ਉਸ ਤੋਂ ਬਾਅਦ ਇੱਕ ਰੋਜ਼ਾ ਲੜੀ ਵਿੱਚ ਹਿੱਸਾ ਨਹੀਂ ਲੈ ਸਕਿਆ। ਬੋਰਡ ਸੂਤਰਾਂ ਮੁਤਾਬਕ ਗਿੱਲ ਹੁਣ ਪੂਰੀ ਤਰ੍ਹਾਂ ਸਿਹਤਯਾਬ ਹੈ ਅਤੇ ਫਿਟਨੈੱਸ ਦੇ ਆਧਾਰ ’ਤੇ ਉਸ ਦੀ ਉਪ ਕਪਤਾਨ ਵਜੋਂ ਵਾਪਸੀ ਹੋਈ ਹੈ।
ਅੱਜ ਇੱਥੇ ਟੀ-20 ਟੀਮ ਦੀ ਚੋਣ ਲਈ ਮੀਟਿੰਗ ਹੋਈ। ਪੰਜ ਮੈਚਾਂ ਦੀ ਇਹ ਲੜੀ 9 ਦਸੰਬਰ ਨੂੰ ਕਟਕ ਵਿੱਚ ਸ਼ੁਰੂ ਹੋਵੇਗੀ, ਜਿਸ ਵਿੱਚ ਸੂਰਿਆਕੁਮਾਰ ਯਾਦਵ ਟੀਮ ਦੀ ਕਪਤਾਨੀ ਕਰਨਗੇ। ਸੂਤਰਾਂ ਨੇ ਉਹ ਰਿਪੋਰਟਾਂ ਵੀ ਖਾਰਜ ਕਰ ਦਿੱਤੀਆਂ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਡਰੈਸਿੰਗ ਰੂਮ ਵਿੱਚ ਤਣਾਅ ਕਾਰਨ ਬੋਰਡ ਅਧਿਕਾਰੀ ਸੀਨੀਅਰ ਖਿਡਾਰੀਆਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ ਨਾਲ ਮੀਟਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਲੜੀ ਵਿਚਾਲੇ ਕੋਈ ਮੀਟਿੰਗ ਨਹੀਂ ਹੋਵੇਗੀ ਅਤੇ ਲੜੀ ਖ਼ਤਮ ਹੋਣ ਤੋਂ ਬਾਅਦ ਦੇਖਿਆ ਜਾਵੇਗਾ ਕਿ ਕੀ ਕਰਨਾ ਹੈ। ਜ਼ਿਕਰਯੋਗ ਹੈ ਕਿ 37 ਸਾਲਾ ਕੋਹਲੀ ਅਤੇ 38 ਸਾਲਾ ਰੋਹਿਤ ਹੁਣ ਸਿਰਫ਼ ਇੱਕ ਰੋਜ਼ਾ ਫਾਰਮੈਟ ਵਿੱਚ ਖੇਡਦੇ ਹਨ ਅਤੇ 2027 ਦੇ ਵਿਸ਼ਵ ਕੱਪ ਤੱਕ ਦੋਹਾਂ ਦੇ ਖੇਡਣ ਬਾਰੇ ਕਿਆਸ ਲਾਏ ਜਾ ਰਹੇ ਹਨ।

