ਫ੍ਰੀਸਟਾਈਲ ਸ਼ਤਰੰਜ: ਪ੍ਰਗਿਆਨੰਦਾ ਕਰਨਗੇ ਭਾਰਤੀ ਟੀਮ ਦੀ ਅਗਵਾਈ
ਭਾਰਤੀ ਖਿਡਾਰੀ ਆਰ ਪ੍ਰਗਿਆਨੰਦਾ ਨੂੰ ਇੱਥੇ ਹੋਣ ਵਾਲੇ 16 ਖਿਡਾਰੀਆਂ ਦੇ ਫ੍ਰੀਸਟਾਈਲ ਸ਼ਤਰੰਜ ਟੂਰਨਾਮੈਂਟ ਵਿੱਚ ਮੈਗਨਸ ਕਾਰਲਸਨ ਦੇ ਨਾਲ ਇਕ ਹੀ ਗਰੁੱਪ ਵਿੱਚ ਰੱਖਿਆ ਗਿਆ ਹੈ ਜਦਕਿ ਅਰਜੁਨ ਐਰੀਗੇਸੀ ਅਤੇ ਵਿਦਿਤ ਗੁਜਰਾਤੀ ਦੂਜੇ ਪੂਲ ਵਿੱਚ ਨਾਲ ਹਨ।
ਦੁਨੀਆ ਦਾ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਇਸ ਵਾਰ ਵੀ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ਵਿੱਚ ਸ਼ੁਰੂਆਤ ਕਰੇਗਾ। ਇਸ ਮੁਕਾਬਲੇ ਦੀ ਕੁੱਲ ਪੁਰਸਕਾਰ ਰਾਸ਼ੀ 750,000 ਅਮਰੀਕੀ ਡਾਲਰ ਹੈ ਜਿਸ ਵਿੱਚੋਂ 200,000 ਦੀ ਰਾਸ਼ੀ ਜੇਤੂ ਲਈ ਹੈ। ਹਰੇਕ ਗਰੁੱਪ ਵਿੱਚ ਅੱਠ ਖਿਡਾਰੀ ਹਨ ਅਤੇ ਚੋਟੀ ਦੇ ਚਾਰ ਖਿਡਾਰੀ ਅਗਲੇ ਗੇੜ ਵਿੱਚ ਪਹੁੰਚਣਗੇ ਜਦਕਿ ਇਸ ਤੋਂ ਬਾਅਦ ਹੇਠਲੇ ਸਥਾਨ ’ਤੇ ਰਹਿਣ ਵਾਲੇ ਅੱਧੇ ਖਿਡਾਰੀ ਇਕ-ਦੂਜੇ ਖ਼ਿਲਾਫ ਖੇਡਣਗੇ।
ਵਿਸ਼ਵ ਚੈਂਪੀਅਨ ਡੀ ਗੁਕੇਸ਼ ਇਸ ਮੁਕਾਬਲੇ ਵਿੱਚ ਸ਼ਾਮਲ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਇਕ ਮਹੀਨੇ ਦੇ ਅੰਦਰ ਗਰੈਂਡਮਾਸਟਰ ਟੂਰ ਦੇ ਮੁੱਖ ਟੂਰਨਾਮੈਂਟ ਵਿੱਚ ਸ਼ਾਮਲ ਹੋਣਾ ਹੈ। 19 ਸਾਲਾ ਪ੍ਰਗਿਆਨੰਦਾ ਆਪਣੀ ਮੁਹਿੰਮ ਦੀ ਸ਼ੁਰੂਆਤ ਉਜ਼ਬੈਕਿਸਤਾਨ ਦੇ ਨੋਡਿਰਬੇਕ ਅਬਦੁਸੱਤੋਰੋਵ ਖ਼ਿਲਾਫ਼ ਕਰੇਗਾ। ਕਾਰਲਸਨ ਆਪਣੇ ਸ਼ੁਰੂਆਤੀ ਗੇੜ ’ਚ ਜਰਮਨੀ ਦੇ ਵਿਨਸੈਂਟ ਕੀਮਰ ਨਾਲ ਭਿੜੇਗਾ। ਅਮਰੀਕਾ ਦਾ ਹੈਂਸ ਨੀਮਨ ਫ੍ਰੀਸਟਾਈਲ ਸ਼ਤਰੰਜ ਟੂਰਨਾਮੈਂਟ ਵਿੱਚ ਪਹਿਲੀ ਵਾਰ ਭਾਗ ਲਵੇਗਾ ਅਤੇ ਪਹਿਲੀ ਬਾਜ਼ੀ ’ਚ ਐਰੀਗੇਸੀ ਦੇ ਸਾਹਮਣੇ ਹੋਵੇਗਾ।
ਉੱਧਰ, ਗੁਜਰਾਤੀ ਦਾ ਸਾਹਮਣਾ ਅਮਰੀਕਾ ਦੇ ਫੈਬਿਆਨੋ ਕਾਰੂਆਨਾ ਨਾਲ ਹੋਵੇਗਾ। ਪਹਿਲੀ ਵਾਰ ਇਕ ਮਹਿਲਾ ਖਿਡਾਰੀ ਕਜ਼ਾਖ਼ਸਤਾਨ ਦੀ ਬਿਬਸਾਰਾ ਅਸਾਊਬੁਯੇਵਾ ਨੂੰ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਦਾ ਮੁਕਾਬਲਾ ਕਰਨ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਫ੍ਰੀਸਟਾਈਲ ਸ਼ਤਰੰਜ ‘ਫਿਸ਼ਰ ਰੈਂਡਮ ਸ਼ਤਰੰਜ’ ਜਾਂ ‘ਸ਼ਤਰੰਜ 960’ ਦਾ ਇਕ ਨਵਾਂ ਨਾਮ ਹੈ ਜਿਸ ਵਿੱਚ ਖੇਡਰ ਦੀ ਸ਼ੁਰੂਆਤ ’ਚ ਮੋਹਰਿਆਂ ਦੀ ਸਥਿਤੀ ਬੇਤਰਤੀਬ ਢੰਗ ਨਾਲ ਬਦਲ ਜਾਂਦੀ ਹੈ।