ਮੈਨਚੈਸਟਰ ’ਚ ਇੰਗਲੈਂਡ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ ਮੈਚ ਦੇ ਦੂੁਜੇ ਦਿਨ ਭਾਰਤੀ ਟੀਮ 358 ਦੌੜਾਂ ’ਤੇ ਆਊਟ ਹੋ ਗਈ। ਟੀਮ ਦੇ ਆਊਟ ਤੋਂ ਪਹਿਲਾਂ ਪੈਰ ਦੇ ਅੰਗੂਠੇ ਦੀ ਸੱਟ ਦੇ ਬਾਵਜੂਦ ਬੱਲੇਬਾਜ਼ੀ ਕਰਨ ਉੱਤਰੇ ਉਪ ਕਪਤਾਨ ਰਿਸ਼ਭ ਪੰਤ ਨੇ ਨੀਮ ਸੈਂਕੜਾ ਪੂਰਾ ਕਰਦਿਆਂ 75 ਗੇਂਦਾਂ ’ਤੇ 54 ਦੌੜਾਂ ਦੀ ਪਾਰੀ ਖੇਡੀ। ਪੰਤ ਬੁੱਧਵਾਰ ਨੂੰ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੀ ਗੇਂਦ ’ਤੇ ਜ਼ਖਮੀ ਹੋਣ ਮਗਰੋਂ 37 ਦੌੜਾਂ ਦੇ ਨਿੱਜੀ ਸਕੋਰ ’ਤੇ ਰਿਟਾਇਰ ਹਰਟ ਹੋ ਗਿਆ ਸੀ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਦਿਨ ਦੇ ਆਪਣੇ 264/4 ਦੇ ਸਕੋਰ ਅੱਜ ਅੱਗੇ ਪਾਰੀ ਸ਼ੁਰੂ ਕੀਤੀ ਜਿਸ ਦੌਰਾਨ ਜਡੇਜਾ 20 ਦੇ ਨਿੱਜੀ ਸਕੋਰ ’ਤੇ ਆਊਟ ਹੋ ਗਿਆ। ਸ਼ਾਰਦੁਲ ਠਾਕੁਰ 41 ਤੇ ਵਾਸ਼ਿੰਗਟਨ ਸੁੰਦਰ 27 ਦੌੜਾਂ ਬਣਾ ਕੇ ਆਊਟ ਹੋਏ।
ਪੰਤ ਨਹੀਂ ਕਰੇਗਾ ਵਿਕਟਕੀਪਿੰਗ; ਜਗਦੀਸ਼ਨ ਟੀਮ ਨਾਲ ਜੁੜਨ ਲਈ ਤਿਆਰ
ਬੀਸੀਸੀਆਈ ਨੇ ਰਿਸ਼ਭ ਪੰਤ ਪੈਰ ਦੇ ਅੰਗੂਠੇ ਦੀ ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਚੱਲ ਰਹੇ ਚੌਥੇ ਟੈਸਟ ਮੈਚ ’ਚ ਵਿਕਟਕੀਪਰ ਦੀ ਜ਼ਿੰਮਵਾਰੀ ਨਹੀਂ ਨਿਭਾਅ ਸਕੇਗਾ। ਬਾਕੀ ਮੈਚ ’ਚ ਧਰੁਵ ਜੁਰੇਲ ਵਿਕਟ ਕੀਪਰ ਦੀ ਜ਼ਿੰਮੇਵਾਰੀ ਨਿਭਾਏਗਾ। ਪੰਤ ਦੇ ਬਦਲ ਵਜੋਂ ਤਾਮਿਲਨਾਡੂ ਦਾ ਵਿਕਟਕੀਪਰ ਐੱਨ. ਜਗਦੀਸ਼ਨ ਵਿਕਟਕੀਪਰ-ਬੱਲੇਬਾਜ਼ ਵਜੋਂ ਟੀਮ ਨਾਲ ਜੁੜੇਗਾ। ਪਤਾ ਲੱਗਾ ਕਿ ਜਗਦੀਸ਼ਨ ਪੰਜਵੇਂ ਟੈਸਟ ਤੋਂ ਪਹਿਲਾਂ ਟੀਮ ਨਾਲ ਜੁੜਨ ਲਈ ਯੂਕੇ ਜਾ ਰਿਹਾ ਹੈ। -ਪੀਟੀਆਈ