ਅਕਾਸ਼ਦੀਪ ਤੇ ਅਰਸ਼ਦੀਪ ਦੇ ਬਦਲ ਵਜੋਂ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਟੀਮ ’ਚ ਸ਼ਾਮਲ
ਇੰਗਲੈਂਡ ਖ਼ਿਲਾਫ਼ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਚੌਥੇ ਕ੍ਰਿਕਟ ਟੈਸਟ ਮੈਚ ਲਈ ਫਿੱਟ ਹੋਣ ਦੀ ਕੋਸ਼ਿਸ਼ ਕਰ ਰਹੇ ਅਕਾਸ਼ਦੀਪ ਅਤੇ ਅਰਸ਼ਦੀਪ ਸਿੰਘ ਦੇ ਬਦਲ ਵਜੋਂ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਕਮਰ ਦਰਦ ਨਾਲ ਜੂਝ ਰਿਹਾ ਆਕਾਸ਼ ਦੀਪ ਦੂਜੇ ਤੇ ਤੀਜੇ ਟੈਸਟ ਮੈਚ ਵਿੱਚ ਖੇਡਿਆ ਸੀ ਜਦਕਿ ਖੱਬੇ ਹੱਥ ਦੇ ਤੇਜ਼ ਅਰਸ਼ਦੀਪ ਨੂੰ ਇਸ ਲੜੀ ’ਚ ਹਾਲੇ ਤੱੱਕ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਅਕਾਸ਼ਦੀਪ ਦੇ ਉਪਲੱਬਧ ਹੋਣ ਬਾਰੇ ਕੁਝ ਸਪੱਸ਼ਟ ਨਹੀਂ ਜਦਕਿ ਅਰਸ਼ਦੀਪ ਸਿੰਘ ਦਾ ਮਾਨਚੈਸਟਰ ਟੈਸਟ ’ਚ ਖੇਡਣਾ ਮੁਸ਼ਕਲ ਲੱਗ ਰਿਹਾ ਹੈ ਜਿਸ ਕਾਰਨ ਚੋਣਕਾਰਾਂ ਨੇ ਕੰਬੋਜ ਨੂੰ ਸੱਦਿਆ ਹੈ। ਅਰਸ਼ਦੀਪ ਨੂੰ ਪ੍ਰੈਕਟਿਸ ਦੌਰਾਨ ਸਾਈ ਸੁਦਰਸ਼ਨ ਵੱਲੋਂ ਖੇਡੇ ਗਏ ਇੱਕ ਸ਼ਾਟ ਤੋਂ ਬਚਦੇ ਸਮੇਂ ਹੱਥ ’ਤੇ ਸੱਟ ਲੱਗ ਗਈ ਸੀ।
ਸਹਾਇਕ ਕੋਚ ਰਿਆਨ ਟੀ ਡੋਇਸ਼ੇ ਨੇ ਕਿਹਾ ਸੀ, ‘‘ਅਸੀਂ ਅਰਸ਼ਦੀਪ ਦੀ ਸਥਿਤੀ ਨੂੰ ਧਿਆਨ ਰੱਖ ਕੇ ਟੀਮ ਦੀ ਚੋਣ ਬਾਰੇ ਫ਼ੈਸਲਾ ਕਰਾਂਗੇ।’’ ਦੱਸਣਯੋਗ ਹੈ ਕਿ ਅੰਸ਼ੁਲ ਕੰਬੋਜ ਨੇ ਟੈਸਟ ਲੜੀ ਤੋਂ ਪਹਿਲਾਂ ਭਾਰਤ-ਏ ਵੱਲੋਂ ਇੰਗਲੈਂਡ ਲਾਇਨਜ਼ ਖ਼ਿਲਾਫ਼ ਦੋ ਮੈਚਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਸੀ। ਉਸ ਨੇ ਨੌਰਥੈਂਪਟਨ ਅਤੇ ਕੈਂਟਰਬਰੀ ਵਿੱਚ ਚਾਰ ਪਾਰੀਆਂ ’ਚ ਪੰਜ ਵਿਕਟਾਂ ਲਈਆਂ ਸਨ।