ਭਾਰਤ ਦੇ ਅੱਠ ਨਿਸ਼ਾਨੇਬਾਜ਼ਾਂ ਨੇ 4 ਤੋਂ 9 ਦਸੰਬਰ ਤੱਕ ਦੋਹਾ ਵਿੱਚ ਹੋਣ ਵਾਲੇ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਇਸ ਵਿੱਚ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਵੀ ਸ਼ਾਮਲ ਹੈ। ਮਨੂ ਦੋ ਈਵੈਂਟਾਂ ਵਿੱਚ ਵਿਸ਼ਵ ਕੱਪ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਨਿਸ਼ਾਨੇਬਾਜ਼ ਹੈ। ਉਸ ਨੇ ਮਹਿਲਾ 10 ਮੀਟਰ ਏਅਰ ਪਿਸਟਲ ਅਤੇ ਮਹਿਲਾ 25 ਮੀਟਰ ਪਿਸਟਲ ’ਚ ਕੁਆਲੀਫਾਈ ਕੀਤਾ ਹੈ। ਆਈ ਐੱਸ ਐੱਸ ਐੱਫ ਦੇ ਇਸ ਟੂਰਨਾਮੈਂਟ ਰਾਹੀਂ 12 ਵਿਅਕਤੀਗਤ ਓਲੰਪਿਕ ਈਵੈਂਟਾਂ ’ਚੋਂ ਹਰੇਕ ’ਚ ਸੀਜ਼ਨ ਦਾ ਸਭ ਤੋਂ ਵਧੀਆ ਨਿਸ਼ਾਨੇਬਾਜ਼ ਤੈਅ ਹੁੰਦਾ ਹੈ। ਭਾਰਤੀ ਨਿਸ਼ਾਨੇਬਾਜ਼ ਇਨ੍ਹਾਂ 12 ਈਵੈਂਟਾਂ ’ਚੋਂ ਪੰਜ ਵਿੱਚ ਹਿੱਸਾ ਲੈਣਗੈ।
ਬਿਊਨਸ ਆਇਰਸ, ਲੀਮਾ ਅਤੇ ਮਿਊਨਿਖ ਵਿੱਚ ਲਗਾਤਾਰ ਤਿੰਨ ਸੋਨ ਤਗ਼ਮੇ ਜਿੱਤ ਕੇ ਮਹਿਲਾ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਦਬਦਬਾ ਬਣਾਉਣ ਵਾਲੀ ਨਿਸ਼ਾਨੇਬਾਜ਼ ਸੁਰੂਚੀ ਸਿੰਘ ਨੇ ਦੋਹਾ ਲਈ ਕੁਆਲੀਫਾਈ ਕਰਨ ਦੇ ਨਾਲ-ਨਾਲ ਮਹਿਲਾ ਪਿਸਟਲ ਈਵੈਂਟ ਵਿੱਚ ਵਿਸ਼ਵ ਨੰਬਰ ਇੱਕ ਰੈਂਕਿੰਗ ਵੀ ਹਾਸਲ ਕੀਤੀ ਹੈ। ਓਲੰਪੀਅਨ ਈਸ਼ਾ ਸਿੰਘ ਨੇ ਚੌਥੇ ਅਤੇ ਆਖਰੀ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤ ਕੇ ਮਹਿਲਾ 10 ਮੀਟਰ ਏਅਰ ਪਿਸਟਲ ਈਵੈਂਟ ਲਈ ਕੁਆਲੀਫਾਈ ਕੀਤਾ। ਕੁਆਲੀਫਾਈ ਕਰਨ ਵਾਲੇ ਹੋਰ ਨਿਸ਼ਾਨੇਬਾਜ਼ਾਂ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਰੁਦਰਾਂਕਸ਼ ਬਾਲਾਸਾਹਿਬ ਪਾਟਿਲ, ਓਲੰਪੀਅਨ ਅਰਜੁਨ ਬਬੂਟਾ, ਮੌਜੂਦਾ ਏਸ਼ੀਅਨ ਚੈਂਪੀਅਨ ਸਿਫਤ ਕੌਰ ਸਮਰਾ, ਓਲੰਪੀਅਨ ਵਿਜੈਵੀਰ ਸਿੱਧੂ ਅਤੇ ਸਿਮਰਨਪ੍ਰੀਤ ਕੌਰ ਬਰਾੜ ਸ਼ਾਮਲ ਹਨ।
ਰੁਦਰਾਂਕਸ਼ ਨੇ ਬਿਊਨਸ ਆਇਰਸ ਵਿੱਚ ਸੋਨ ਤਗ਼ਮਾ ਜਿੱਤ ਕੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਆਪਣਾ ਸਥਾਨ ਪੱਕਾ ਕੀਤਾ, ਜਦਕਿ ਬਬੂਟਾ ਨੇ ਲੀਮਾ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਉਸੇ ਮੁਕਾਬਲੇ ਵਿੱਚ ਆਪਣਾ ਸਥਾਨ ਬਣਾਇਆ। ਸਮਰਾ ਨੇ ਬਿਊਨਸ ਆਇਰਸ ਵਿੱਚ ਸੋਨ ਤਗ਼ਮਾ ਜਿੱਤ ਕੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ (3ਪੀ) ਮੁਕਾਬਲੇ ਲਈ ਕੁਆਲੀਫਾਈ ਕੀਤਾ।
ਸੁਰੱਖਿਆ ਜਾਂਚ ’ਚ ਦੇਰ ਕਾਰਨ 6 ਨਿਸ਼ਾਨੇਬਾਜ਼ ਉਡਾਣ ਤੋਂ ਖੁੰਝੇ
ਪੁਣੇ: ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਗੋਆ ਜਾ ਰਹੇ ਪੁਣੇ ਦੇ ਛੇ ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ ਹਵਾਈ ਅੱਡੇ ਦੀ ਸੁਰੱਖਿਆ ਜਾਂਚ ਦੌਰਾਨ ਰਾਈਫਲਾਂ ਤੇ ਪਿਸਟਲਾਂ ਨੂੰ ਮਨਜ਼ੂਰੀ ਮਿਲਣ ’ਚ ਹੋਈ ਕਥਿਤ ਦੇਰੀ ਕਾਰਨ ਆਪਣੀ ਉਡਾਣ ਤੋਂ ਖੁੰਝ ਗਏ। ਸਾਰੇ ਨਿਸ਼ਾਨੇਬਾਜ਼ਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਨ੍ਹਾਂ ਨੇ ਅੱਜ ਸਵੇਰੇ ਗੋਆ ’ਚ ਹੋਣ ਵਾਲੀ 12ਵੀਂ ਪੱਛਮੀ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਅਕਾਸਾ ਏਅਰ ਦੇ ਜਹਾਜ਼ ’ਤੇ ਉਡਾਣ ਭਰਨੀ ਸੀ। ਇਸ ਘਟਨਾ ਬਾਰੇ ਅਕਾਸਾ ਏਅਰ ਨੇ ਕਿਹਾ ਕਿ ਨਿਸ਼ਾਨੇਬਾਜ਼ ‘ਵਿਸ਼ੇਸ਼ ਸ਼ੂਟਿੰਗ ਉਪਕਰਨਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਸਾਮਾਨ ਨਾਲ ਸਬੰਧਤ ਵਾਧੂ ਸੁਰੱਖਿਆ ਪ੍ਰਕਿਰਿਆ’ ਕਾਰਨ ਉਡਾਣ ਵਿੱਚ ਸਵਾਰ ਨਹੀਂ ਹੋ ਸਕੇ। ਏਅਰਲਾਈਨ ਨੇ ਕਿਹਾ ਕਿ ਉਸ ਦੀ ਟੀਮ ਲੋੜੀਂਦੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ ਅਤੇ ਬਦਲਵੀਂ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। -ਪੀਟੀਆਈ