ਟੈਨਿਸ ਖਿਡਾਰੀ ਅਤੇ ਰਿਕਾਰਡ 24 ਵਾਰ ਗਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ (38) ਅਗਲੇ ਹਫ਼ਤੇ ਹੋਣ ਵਾਲੇ ਪੈਰਿਸ ਮਾਸਟਰਜ਼ ਤੋਂ ਹਟ ਗਿਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ। ਕੁਝ ਦਿਨ ਪਹਿਲਾਂ ਹੀ ਉਸ ਨੇ ਪੈਰ ਦੀ ਸੱਟ ਕਾਰਨ ਇੱਕ ਪ੍ਰਦਰਸ਼ਨੀ ਟੂਰਨਾਮੈਂਟ ’ਚ ਪਹਿਲੇ ਸੈੱਟ ਤੋਂ ਬਾਅਦ ਖੇਡਣਾ ਬੰਦ ਕਰ ਦਿੱਤਾ ਸੀ। ਜੋਕੋਵਿਚ ਨੇ ਇਸ ਸੀਜ਼ਨ ’ਚ ਬਹੁਤ ਘੱਟ ਟੂਰਨਾਮੈਂਟਾਂ ’ਚ ਹਿੱਸਾ ਲਿਆ ਹੈ ਅਤੇ ਚਾਰ ਗ੍ਰੈਂਡ ਸਲੈਮ ਟੂਰਨਾਮੈਂਟਾਂ ਤੋਂ ਇਲਾਵਾ ਸਿਰਫ ਅੱਠ ਏ ਟੀ ਪੀ ਟੂਰ ਈਵੈਂਟਾਂ ਵਿੱਚ ਖੇਡਿਆ। ਜੋਕੋਵਿਚ ਇਸ ਸੀਜ਼ਨ ਵਿੱਚ ਆਸਟਰੇਲੀਅਨ ਓਪਨ, ਫਰੈਂਚ ਓਪਨ, ਵਿੰਬਲਡਨ ਅਤੇ ਯੂਐੱਸ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਮਈ ਦੇ ਅਖੀਰ ਤੋਂ ਸਤੰਬਰ ਦੇ ਅੰਤ ਤੱਕ ਉਸ ਨੇ ਸਿਰਫ ਤਿੰਨ ਗਰੈਂਡ ਸਲੈਮ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ। ਜੋਕੋਵਿਚ ਨੇ ਆਖਰੀ ਅਧਿਕਾਰਿਤ ਟੂਰਨਾਮੈਂਟ ਸ਼ੰਘਾਈ ਮਾਸਟਰਜ਼ ਵਿੱਚ ਹਿੱਸਾ ਲਿਆ ਸੀ, ਜਿੱਥੇ ਉਸ ਨੂੰ ਸੈਮੀਫਾਈਨਲ ਹਾਰ ਦੌਰਾਨ ਕਮਰ ਦਰਦ ਕਾਰਨ ਪ੍ਰੇਸ਼ਾਨੀ ਹੋਈ ਸੀ।