ਜੋਕੋਵਿਚ ਤੇ ਸਬਾਲੈਂਕਾ ਅਮਰੀਕੀ ਓਪਨ ਦੇ ਦੂਜੇ ਗੇੜ ’ਚ
ਸਰਬੀਆ ਦਾ ਨੋਵਾਕ ਜੋਕੋਵਿਚ ਥੱਕਿਆ ਹੋਇਆ ਦਿਖਿਆ, ਜ਼ਖ਼ਮੀ ਅਤੇ ਵੱਡੀ ਉਮਰ ਦਾ ਵੀ ਪਰ ਇਨ੍ਹਾਂ ਸਾਰੇ ਅੜਿੱਕਿਆਂ ਤੋਂ ਪਾਰ ਪਾ ਕੇ ਅਮਰੀਕੀ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਵਿੱਚ ਜਿੱਤ ਦਾ ਰਿਕਾਰਡ 19-0 ਕਰ ਦਿੱਤਾ ਅਤੇ ਪੈਰ ਦੀ ਤਕਲੀਫ ਦੇ ਬਾਵਜੂਦ ਉਸ ਨੇ ਅਮਰੀਕਾ ਦੇ ਲਰਨਰ ਟਿਏਨ ਨੂੰ 6-1, 1-7, 6-2 ਨਾਲ ਮਾਤ ਦਿੱਤੀ।
ਇਸੇ ਦੌਰਾਨ ਮਹਿਲਾ ਵਰਗ ਵਿੱਚ ਪਿਛਲੀ ਚੈਂਪੀਅਨ ਬੇਲਾਰੂਸ ਦੀ ਐਰਿਨਾ ਸਬਾਲੈਂਕਾ ਸਵਿਟਜ਼ਰਲੈਂਡ ਦੀ ਰੈਬੇਕਾ ਮਾਸਾਰੋਵਾ ਤੋਂ ਮਿਲੀ ਸਖ਼ਤ ਚੁਣੌਤੀ ਦਾ ਸਾਹਮਣਾ ਕਰ ਕੇ 7-5, 6-1 ਨਾਲ ਜਿੱਤਣ ਮਗਰੋਂ ਅਮਰੀਕੀ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਦਾਖ਼ਲ ਹੋ ਗਈ। ਤਿੰਨ ਵਾਰ ਦੀ ਗਰੈਂਡਸਲੇਮ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਸਬਾਲੈਂਕਾ ਇਸ ਸਾਲ ਪਹਿਲੇ ਤਿੰਨ ਗਰੈਂਡਸਲੇਮ ਵਿੱਚ ਖ਼ਿਤਾਬ ਨਹੀਂ ਜਿੱਤ ਸਕੀ ਹੈ।
ਜੋਕੋਵਿਚ ਨੇ ਦੂਜੇ ਸੈੱਟ ਵਿੱਚ ਕਈ ਵਾਰ ਆਪਣਾ ਹੱਥ ਗੋਡੇ ’ਤੇ ਰੱਖਿਆ ਅਤੇ ਫਿਰ ਉਸ ਨੂੰ ਇਲਾਜ ਵੀ ਕਰਵਾਉਣਾ ਪਿਆ। ਤੀਜੇ ਸੈੱਟ ਦੇ ਪਹਿਲੇ ਗੇਮ ਵਿੱਚ ਆਪਣੀ ਸਰਵਿਸ ਟੁੱਟਣ ਤੋਂ ਬਾਅਦ ਉਸ ਨੇ ਅਗਲੇ ਪੰਜ ਗੇਮ ਜਿੱਤ ਕੇ ਵਾਪਸੀ ਕੀਤੀ। ਵਿੰਬਲਡਨ ਸੈਮੀ ਫਾਈਨਲ ਵਿੱਚ ਯਾਨਿਕ ਸਿਨੇਰ ਤੋਂ ਹਾਰਨ ਮਗਰੋਂ ਇਹ ਉਸ ਦਾ ਪਹਿਲਾ ਮੈਚ ਸੀ।