ਲੰਡਨ, 29 ਜੂਨ
ਨੋਵਾਕ ਜੋਕੋਵਿਚ ਅਨੁਸਾਰ ਸੋਮਵਾਰ ਤੋਂ ਸ਼ਰੁੂ ਹੋਣ ਵਾਲਾ ਵਿੰਬਲਡਨ ਉਸ ਲਈ 25ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਨਹਿਰੀ ਮੌਕਾ ਹੋਵੇਗਾ। ਹਰ ਟੂਰਨਾਮੈਂਟ ਤੋਂ ਪਹਿਲਾਂ ਉਸ ਕੋਲੋਂ ਸੰਨਿਆਸ ਬਾਰੇ ਪੁੱਛਿਆ ਜਾਂਦਾ ਹੈ ਅਤੇ ਐਤਕੀਂ ਵੀ ਅਜਿਹਾ ਹੀ ਹੋਇਆ। ਜੋਕੋਵਿਚ ਨੇ ਵੀ ਉਸੇ ਤਰ੍ਹਾਂ ਰੱਟਿਆ-ਰਟਾਇਆ ਜਵਾਬ ਦਿੱਤਾ। ਉਸ ਨੇ ਕਿਹਾ, ‘ਇਹ ਮੇਰਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਹੋ ਸਕਦਾ ਹੈ ਜਾਂ ਨਹੀਂ, ਇਸ ਬਾਰੇ ਮੈਂ ਸਪੱਸ਼ਟ ਤੌਰ ’ਤੇ ਕੁਝ ਨਹੀਂ ਕਹਿ ਸਕਦਾ। ਮੈਨੂੰ ਨਹੀਂ ਪਤਾ ਕਿ ਮੈਂ ਅਗਲੇ ਸਾਲ ਫਰੈਂਚ ਓਪਨ ਜਾਂ ਕਿਸੇ ਹੋਰ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਹਿੱਸਾ ਲਵਾਂਗਾ ਜਾਂ ਨਹੀਂ।’ ਉਸ ਨੇ ਕਿਹਾ, ‘ਮੈਂ ਹੋਰ ਕਈ ਸਾਲ ਖੇਡਣਾ ਚਾਹੁੰਦਾ ਹਾਂ। ਮੈਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਰਹਿਣਾ ਚਾਹੁੰਦਾ ਹਾਂ। ਇਹੀ ਮੇਰਾ ਟੀਚਾ ਹੈ ਪਰ ਉਮਰ ਦੇ ਇਸ ਪੜਾਅ ’ਤੇ ਤੁਸੀਂ ਯਕੀਨੀ ਤੌਰ ’ਤੇ ਨਹੀਂ ਕਹਿ ਸਕਦੇ ਕਿ ਅੱਗੇ ਕੀ ਹੋਵੇਗਾ।’ ਜੋਕੋਵਿਚ ਨੇ ਮੰਨਿਆ ਕਿ ਆਲ ਇੰਗਲੈਂਡ ਕਲੱਬ ਜਿੱਤਣ ਲਈ ਉਸ ਕੋਲ ਚੰਗਾ ਮੌਕਾ ਹੈ। ਇਸ ਜਿੱਤ ਨਾਲ ਉਹ ਕਰੀਅਰ ਵਿੱਚ ਕੁੱਲ 25 ਗਰੈਂਡ ਸਲੈਮ ਖਿਤਾਬ ਜਿੱਤ ਜਾਵੇਗਾ। ਇਹ ਅਜਿਹਾ ਅੰਕੜਾ ਹੈ, ਜਿਸ ਤੱਕ ਹਾਲੇ ਕੋਈ ਵੀ ਟੈਨਿਸ ਖਿਡਾਰੀ ਨਹੀਂ ਪਹੁੰਚ ਸਕਿਆ। -ਏਪੀ