ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ ICC ਵਲੋਂ ਮੁੜ ਰੱਦ: ਨਾਟਕੀ ਦੇਰੀ ਮਗਰੋਂ ਪਾਕਿ ਟੀਮ ਸਟੇਡੀਅਮ ਪੁੱਜੀ, ਮੈਚ ਸ਼ੁਰੂ
ਐਂਡੀ ਪਾਇਕ੍ਰਾਫਟ ਨੂੰ ਮੈਚ ਰੈਫਰੀ ਵਜੋਂ ਲਾਂਭੇ ਕਰਨ ਦੀ ਮੰਗ ਆਈਸੀਸੀ ਵੱਲੋਂ ਦੂਜੀ ਵਾਰ ਰੱਦ ਕੀਤੇ ਜਾਣ ਦੇ ਵਿਰੋਧ ਵਜੋਂ ਨਾਟਕੀ ਦੇਰੀ ਤੋਂ ਬਾਅਦ ਪਾਕਿਸਤਾਨ ਦੀ ਕ੍ਰਿਕਟ ਟੀਮ ਆਖਰਕਾਰ ਬੁੱਧਵਾਰ ਨੂੰ ਇੱਥੇ ਯੂਏਈ ਵਿਰੁੱਧ ਗਰੁੱਪ ਗੇੜ ਦੇ ਆਪਣੇ ‘ਕਰੋ ਜਾਂ ਮਰੋ’ ਮੁਕਾਬਲੇ ਲਈ ਮੈਦਾਨ ਵਿੱਚ ਪੁੱਜ ਗਈ। ਮੈਚ ਇੱਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਟਾਸ ਜਿੱਤ ਕੇ ਮੇਜ਼ਬਾਨ ਯੂਏਈ ਨੇ ਪਾਕਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ। ਉਸ ਨੇ ਪਹਿਲੇ ਪੰਜ ਓਵਰਾਂ ਵਿੱਚ ਆਪਣੀਆਂ ਦੋ ਵਿਕਟਾਂ ਗੁਆ ਲਈਆਂ। ਸੈਮ ਅਯੂਬ ਦੂਜੀ ਵਾਰ ਦੌੜਾਂ ਦਾ ਖਾਤਾ ਨਹੀਂ ਖੋਲ੍ਹ ਸਕਿਆ।
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਇੱਥੇ ਯੂਏਈ ਖਿਲਾਫ਼ ਏਸ਼ੀਆ ਕੱਪ ਦੇ ਗਰੁੱਪ ਗੇੜ ਦੇ ਮੈਚ ਲਈ ਆਪਣੇ ਹੋਟਲ ’ਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨੀ ਟੀਮ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ ’ਤੇ ਬਜ਼ਿੱਦ ਸੀ। ਉਧਰ ਕੌਮਾਂਤਰੀ ਕ੍ਰਿਕਟ ਕੌਂਸਲ ਪਾਕਿਸਤਾਨ ਦੀ ਇਸ ਮੰਗ ਨੂੰ ਦੂਜੀ ਵਾਰ ਰੱਦ ਕਰ ਚੁੱਕੀ ਹੈੈ। ਪਾਕਿਸਤਾਨ ਨੇ ਐਤਵਾਰ ਨੂੰ ਖੇਡੇ ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਵੱਲੋਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਹੱਥ ਮਿਲਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਹੋਈ ਸ਼ਰਮਿੰਦਗੀ ਲਈ ਪਾਇਕ੍ਰਾਫਟ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਸ ਤੋਂ ਪਹਿਲਾਂ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਸੀ, ‘‘ਪਾਇਕ੍ਰਾਫਟ ਬੁੱਧਵਾਰ ਦੇ ਮੈਚ ਲਈ ਮੈਚ ਰੈਫਰੀ ਰਹੇਗਾ ਅਤੇ ਜੇਕਰ ਪਾਕਿਸਤਾਨ ਦੀ ਟੀਮ ਮੈਦਾਨ ਵਿਚ ਨਹੀਂ ਆਉਂਦੀ ਹੈ, ਤਾਂ ਯੂਏਈ ਨੂੰ ਪੂਰੇ ਅੰਕ ਦਿੱਤੇ ਜਾਣਗੇ।’’
ਪੀਸੀਬੀ ਮੁਤਾਬਕ 69 ਸਾਲਾ ਪਾਈਕ੍ਰਾਫਟ, ਜੋ ਕਿ ਜ਼ਿੰਬਾਬਵੇ ਦਾ ਸਾਬਕਾ ਕ੍ਰਿਕਟਰ ਹੈ, ਨੇ ਪਾਕਿਸਤਾਨੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੂੰ ਆਪਣੇ ਭਾਰਤੀ ਹਮਰੁਤਬਾ ਸੂਰਿਆਕੁਮਾਰ ਯਾਦਵ ਨਾਲ ਹੱਥ ਮਿਲਾਉਣ ਤੋਂ ਬਚਣ ਲਈ ਕਿਹਾ ਸੀ। ਪਾਕਿਸਤਾਨੀ ਟੀਮ ਪ੍ਰਬੰਧਨ ਨੇ ਇਹ ਵੀ ਦੋਸ਼ ਲਗਾਇਆ ਕਿ ਪਾਇਕ੍ਰਾਫਟ ਨੇ ਦੋਵਾਂ ਕਪਤਾਨਾਂ ਵਿਚਕਾਰ ਟੀਮ-ਸ਼ੀਟਾਂ ਦੀ ਰਵਾਇਤੀ ਅਦਲਾ ਬਦਲੀ ਦੀ ਆਗਿਆ ਵੀ ਨਹੀਂ ਦਿੱਤੀ।