ਦਿੱਲੀ: ਖਾਰੀ ਬਾਵਲੀ ਦੀਆਂ ਛੱਤਾਂ ’ਤੇ ਦੌੜਿਆ ਬੋਲਟ
ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਓਸੈਨ ਬੋਲਟ ਨੇ ਅੱਜ ਜਦੋਂ ਦਿੱਲੀ ਦੀ ਖਾਰੀ ਬਾਵਲੀ ਦੀਆਂ ਛੱਤਾਂ ’ਤੇ ਦੌੜ ਲਾਈ, ਤਾਂ ਏਸ਼ੀਆ ਦੇ ਸਭ ਤੋਂ ਵੱਡੇ ਮਸਾਲਾ ਬਾਜ਼ਾਰ ਵਿੱਚ ਇਤਿਹਾਸ ਅਤੇ ਖੇਡ ਦਾ ਅਜਿਹਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ, ਜੋ ਭਾਰਤ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਆਪਣੇ ਮਸਾਲਿਆਂ ਅਤੇ ਪਤੰਗਬਾਜ਼ੀ ਲਈ ਮਸ਼ਹੂਰ ਖਾਰੀ ਬਾਵਲੀ ਦੀਆਂ ਇਤਿਹਾਸਕ ਛੱਤਾਂ ਸਪ੍ਰਿੰਟ ਟਰੈਕ ਵਿੱਚ ਬਦਲ ਗਈਆਂ ਸਨ। ਇਸ ਮੌਕੇ ਬੋਲਟ ਨਾਲ ਪੀ ਵੀ ਸਿੰਧੂ, ਪੀ ਆਰ ਸ੍ਰੀਜੇਸ਼ ਅਤੇ ਅਨਿਮੇਸ਼ ਕੁਜੂਰ ਵਰਗੇ ਭਾਰਤੀ ਓਲੰਪਿਕ ਸਿਤਾਰੇ ਵੀ ਮੌਜੂਦ ਸਨ।
ਬੋਲਟ ਨੇ ਕਿਹਾ, ‘ਪੁਰਾਣੀ ਦਿੱਲੀ ਦੀਆਂ ਮਸਾਲਿਆਂ ਨਾਲ ਮਹਿਕਦੀਆਂ ਛੱਤਾਂ ’ਤੇ ਦੌੜਨਾ ਮੇਰੇ ਲਈ ਇੱਕ ਅਨੋਖਾ ਤਜਰਬਾ ਸੀ। ਅਜਿਹੀ ਇਤਿਹਾਸਕ ਥਾਂ ’ਤੇ ਪੀ ਵੀ ਸਿੰਧੂ, ਪੀ ਆਰ ਸ੍ਰੀਜੇਸ਼ ਅਤੇ ਅਨਿਮੇਸ਼ ਕੁਜੂਰ ਵਰਗੇ ਭਾਰਤ ਦੇ ਸਰਵੋਤਮ ਓਲੰਪੀਅਨਾਂ ਨਾਲ ਸਮਾਂ ਬਿਤਾਉਣਾ ਮੇਰੇ ਲਈ ਊਰਜਾ ਨਾਲ ਭਰਪੂਰ ਰਿਹਾ।’ ਜਿਸ ਛੱਤ ’ਤੇ ਬੋਲਟ ਮੌਜੂਦ ਸੀ, ਉੱਥੋਂ ਲਾਲ ਕਿਲ੍ਹਾ ਵੀ ਦਿਖਾਈ ਦੇ ਰਿਹਾ ਸੀ ਅਤੇ ਸਵੇਰ ਦੀ ਧੁੱਪ ਵਿੱਚ ਮਸਾਲੇ ਸੁੱਕ ਰਹੇ ਸਨ। ਇਸ ਦੌੜ ਨੇ ਸੱਭਿਆਚਾਰ ਅਤੇ ਖੇਡ ਨੂੰ ਇਸ ਤਰ੍ਹਾਂ ਜੋੜਿਆ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।
ਭਾਰਤੀ ਬੈਡਮਿੰਟਨ ਸਟਾਰ ਸਿੰਧੂ ਨੇ ਕਿਹਾ, ‘ਪੁਰਾਣੀ ਦਿੱਲੀ ਦੀ ਖਾਰੀ ਬਾਵਲੀ ਵਿੱਚ ਬੋਲਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੌੜਨਾ ਬਹੁਤ ਪ੍ਰੇਰਨਾਦਾਇਕ ਸੀ। ਕਿਸੇ ਵੀ ਖਿਡਾਰੀ ਲਈ ਇੱਕ ਆਲਮੀ ਦਿੱਗਜ ਨਾਲ ਇਸ ਤਰ੍ਹਾਂ ਰਿਲੇਅ ਦਾ ਹਿੱਸਾ ਬਣਨਾ ਸ਼ਾਨਦਾਰ ਤਜਰਬਾ ਹੈ। ਇਹ ਉਹ ਪਲ ਹੈ ਜੋ ਮੈਨੂੰ ਯਾਦ ਦਿਵਾਉਂਦਾ ਹੈ ਕਿ ਮੈਂ ਖੇਡ ਨੂੰ ਪਹਿਲੀ ਵਾਰ ਪਿਆਰ ਕਿਉਂ ਕੀਤਾ ਸੀ।’ ਹਾਕੀ ਦੇ ਦਿੱਗਜ ਖਿਡਾਰੀ ਸ੍ਰੀਜੇਸ਼ ਨੇ ਕਿਹਾ, ‘ਖਾਰੀ ਬਾਵਲੀ ਦੀ ਛੱਤ ’ਤੇ ਬੋਲਟ ਨਾਲ ਇਸ ਰਿਲੇਅ ਦਾ ਹਿੱਸਾ ਬਣਨਾ ਯਾਦਗਾਰੀ ਰਿਹਾ।’