ਕ੍ਰਿਕਟ: ਤੀਜੇ ਟੈਸਟ ’ਚ ਵੈਸਟ ਇੰਡੀਜ਼ 27 ਦੌੜਾਂ ’ਤੇ ਆਊਟ
ਆਸਟਰੇਲੀਆ ਨੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀਆਂ 9 ਦੌੜਾਂ ਬਦਲੇ ਛੇ ਵਿਕਟਾਂ ਤੇ ਸਕਾਟ ਬੋਲੈਂਡ ਦੀ ਹੈਟ੍ਰਿਕ ਸਦਕਾ ਵੈਸਟ ਇੰਡੀਜ਼ ਨੂੰ ਸਿਰਫ 27 ਦੌੜਾਂ (ਟੈਸਟ ਕ੍ਰਿਕਟ ’ਚ ਦੂਜਾ ਸਭ ਤੋਂ ਘੱਟ ਸਕੋਰ)’ਤੇ ਹੀ ਸਮੇਟਦਿਆਂ ਤੀਜਾ ਤੇ ਆਖਰੀ ਟੈਸਟ 176 ਦੌੜਾਂ ਨੇ ਜਿੱਤ ਕੇ ਲੜੀ 3-0 ਨਾਲ ਆਪਣੇ ਨਾਮ ਕਰ ਲਈ। ਵੈਸਟ ਇੰਡੀਜ਼ ’ਤੇ ਟੈਸਟ ਕ੍ਰਿਕਟ ’ਚ ਸਭ ਤੋਂ ਸਕੋਰ ’ਤੇ ਆਊਟ ਦਾ ਖ਼ਤਰਾ ਸੀ ਪਰ ਵਿਰੋਧੀ ਟੀਮ ਦੀ ਖਰਾਬ ਫੀਲਡਿੰਗ ਕਾਰਨ ਉਹ 27 ਦੌੜਾਂ ਤੱਕ ਪਹੁੰਚਣ ’ਚ ਕਾਮਯਾਬ ਰਹੀ। ਟੈਸਟ ਕ੍ਰਿਕਟ ਸਭ ਤੋਂ ਘੱਟ 26 ਦੌੜਾਂ ’ਤੇ ਆਊਟ ਹੋਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਮ ਹੈ। ਸਬੀਨਾ ਪਾਰਕ ’ਚ ਖੇਡੇ ਗਏ ਪਹਿਲੇ ਡੇਅ-ਨਾਈਟ ਟੈਸਟ ’ਚ ਆਸਟਰੇਲੀਆ ਨੇ ਪਹਿਲੀ ਪਾਰੀ ’ਚ 225 ਦੌੜਾਂ ਤੇ ਦੂਜੀ ਪਾਰੀ 121 ਦੌੜਾਂ ਬਣਾਈਆਂ ਸਨ ਜਦਕਿ ਵੈਸਟ ਇੰਡੀਜ਼ ਟੀਮ ਪਹਿਲੀ ਪਾਰੀ ’ਚ 143 ਦੌੜਾਂ ਹੀ ਬਣਾ ਸਕੀ ਸੀ। ਆਸਟਰੇਲੀਆ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ 204 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੇਜ਼ਬਾਨ ਟੀਮ 27 ਦੌੜਾਂ ’ਤੇ ਹੀ ਆਊਟ ਹੋ ਗਈ। ਇਹ ਮੈਚ ਢਾਈ ਦਿਨਾਂ ’ਚ ਖਤਮ ਹੋ ਗਿਆ।
ਮਿਸ਼ੇਲ ਸਟਾਰਕ ਦਾ ਇਹ 100ਵਾਂ ਟੈਸਟ ਮੈਚ ਸੀ ਜਿਸ ਦੌਰਾਨ ਉਸ ਨੇ ਆਪਣੀਆਂ ਪਹਿਲੀਆਂ 15 ਗੇਂਦਾਂ ’ਤੇ 5 ਵਿਕਟਾਂ ਲਈਆਂ ਜੋ ਸਭ ਤੋਂ ਤੇਜ਼ ਪੰਜ ਵਿਕਟਾਂ ਲੈਣ ਦਾ ਰਿਕਾਰਡ ਹੈ। ਉਂਜ ਉਸ ਨੇ ਆਪਣੇ ਕਰੀਅਰ ’ਚ 15ਵੀਂ ਵਾਰ ਇੱਕ ਪਾਰੀ ’ਚ ਪੰਜ ਜਾਂ ਉਸ ਤੋਂ ਵੱਧ ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ ਆਪਣੀਆਂ 400 ਵਿਕਟਾਂ ਵੀ ਪੂਰੀਆਂ ਕੀਤੀਆਂ। ਸਟਾਰਕ ਨੇ ਵੈਸਟ ਇੰਡੀਜ਼ ਦੀ ਦੂਜੀ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਵਿਕਟ ਲਈ ਤੇ ਪਹਿਲੇ ਓਵਰ ’ਚ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਵੈਸਟ ਇੰਡੀਜ਼ ਦੇ ਸਿਖਰਲੇ ਛੇ ਬੱਲੇਬਾਜ਼ ਕੁੱਲ ਮਿਲਾ ਕੇ ਸਿਰਫ਼ ਛੇ ਦੌੜਾਂ ਹੀ ਬਣਾ ਸਕੇ ਜਦਕਿ ਕੁੱਲ ਸੱਤ ਬੱਲੇਬਾਜ਼ ਖਾਤਾ ਖੋਲ੍ਹੇ ਬਿਨਾਂ ਹੀ ਆਊੁਟ ਹੋ ਗਏ। ਆਸਟਰੇਲੀਆ ਨੇ ਪਹਿਲਾ ਟੈਸਟ ਮੈਚ 159 ਦੌੜਾਂ ਨਾਲ ਤੇ ਦੂਜਾ ਮੈਚ 133 ਦੌੜਾਂ ਨਾਲ ਜਿੱਤਿਆ। ਲੜੀ ਜਿੱਤ ਕੇ ਆਸਟਰੇਲੀਆ ਨੇ ਫਰੈਂਕ ਵਾਰੇਲ ਟਰਾਫੀ ਆਪਣੇ ਕੋਲ ਬਰਕਰਾਰ ਰੱਖੀ ਹੈ। -ਏਪੀ