ਕ੍ਰਿਕਟ: ਵੈੱਸਟਇੰਡੀਜ਼ ਨੇ ਪਾਕਿ ਨੂੰ ਪੰਜ ਵਿਕਟਾਂ ਨਾਲ ਹਰਾਇਆ
ਰੋਸਟਨ ਚੇਜ਼ ਅਤੇ ਜਸਟਿਨ ਗ੍ਰੀਵਜ਼ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਵੈੱਸਟਇੰਡੀਜ਼ ਨੇ ਮੀਂਹ ਨਾਲ ਪ੍ਰਭਾਵਿਤ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਨੂੰ 10 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨਿਰਧਾਰਤ 37 ਓਵਰਾਂ ਵਿੱਚ ਸੱਤ ਵਿਕਟਾਂ ’ਤੇ 171 ਦੌੜਾਂ ਬਣਾਈਆਂ। ਵੈੱਸਟਇੰਡੀਜ਼ ਲਈ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜੇਡਨ ਸੀਲਜ਼ ਨੇ ਸੱਤ ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮੀਂਹ ਦੀ ਰੁਕਾਵਟ ਕਾਰਨ ਵੈੱਸਟਇੰਡੀਜ਼ ਨੂੰ ਡਕਵਰਥ ਲੁਈਸ ਵਿਧੀ ਤਹਿਤ 35 ਓਵਰਾਂ ਵਿੱਚ 181 ਦੌੜਾਂ ਦਾ ਟੀਚਾ ਦਿੱਤਾ ਗਿਆ। ਚੇਜ਼ ਨੇ 47 ਗੇਂਦਾਂ ਵਿੱਚ ਦੋ ਛੱਕਿਆਂ ਅਤੇ ਇੱਕ ਜੇਤੂ ਚੌਕੇ ਦੀ ਮਦਦ ਨਾਲ ਨਾਬਾਦ 49 ਦੌੜਾਂ ਬਣਾਈਆਂ, ਜਿਸ ਸਦਕਾ ਵੈੱਸਟਇੰਡੀਜ਼ ਨੇ 33.2 ਓਵਰਾਂ ਵਿੱਚ ਪੰਜ ਵਿਕਟਾਂ ’ਤੇ 184 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।
ਤ੍ਰਿਨੀਦਾਦ ਐਂਡ ਟੋਬੈਗੋ ਦੇ ਤਾਰੂਬਾ ਦੇ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਵੈੱਸਟਇੰਡੀਜ਼ ਦਾ ਸਕੋਰ 18 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 101 ਸੀ, ਜੋ 24 ਓਵਰਾਂ ਵਿੱਚ ਪੰਜ ਵਿਕਟਾਂ ’ਤੇ 111 ਦੌੜਾਂ ਹੋ ਗਿਆ। ਇਸ ਵਿੱਚ ਸ਼ੇਰਫੇਨ ਰਦਰਫੋਰਡ ਦੀ ਵਿਕਟ ਵੀ ਸ਼ਾਮਲ ਸੀ, ਜਿਸ ਨੇ 33 ਗੇਂਦਾਂ ਵਿੱਚ ਤਿੰਨ ਛੱਕਿਆਂ ਅਤੇ ਚਾਰ ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ।