ਕਪਤਾਨ ਹਰਮਨਪ੍ਰੀਤ ਕੌਰ ਦੇ ਸੈਂਕੜੇ ਤੇ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਵੱਲੋਂ ਝਟਕਾਈਆਂ ਛੇ ਵਿਕਟਾਂ ਸਦਕਾ ਭਾਰਤ ਨੇ ਤੀਜੇ ਤੇ ਫ਼ੈਸਲਾਕੁਨ ਇੱਕ ਰੋਜ਼ਾ ਮੈਚ ਵਿੱਚ ਇੰਗਲੈਂਡ ਖ਼ਿਲਾਫ਼ 13 ਦੌੜਾਂ ਨਾਲ ਜਿੱਤ ਦਰਜ ਕਰਦਿਆਂ ਲੜੀ 2-1 ਨਾਲ ਆਪਣੇ ਨਾਮ ਕਰ ਲਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹਰਮਨਪ੍ਰੀਤ ਕੌਰ ਦੀ 84 ਗੇਂਦਾਂ ’ਤੇ 102 ਦੌੜਾਂ ਦੀ ਪਾਰੀ ਤੇ ਜੈਮੀਮਾ ਰੌਡਰਿਗਜ਼ ਦੇ ਨੀਮ ਸੈਂਕੜੇ (50 ਦੌੜਾਂ) ਸਦਕਾ ਭਾਰਤੀ ਮਹਿਲਾ ਟੀਮ ਨੇ 50 ਓਵਰਾਂ ’ਚ ਪੰਜ ਵਿਕਟਾਂ ’ਤੇ 318 ਦੌੜਾਂ ਬਣਾਈਆਂ। ਇਸ ਮਗਰੋਂ ਕ੍ਰਾਂਤੀ ਗੌੜ ਤੇ ਹੋਰ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਟੀਮ ਨੂੰ 49.5 ਓਵਰਾਂ ’ਚ 305 ਦੌੜਾਂ ’ਤੇ ਆਊਟ ਕਰ ਦਿੱਤਾ। ਆਪਣੇ ਚੌਥੇ ਇੱਕ ਦਿਨਾ ਮੈਚ ਵਿੱਚ ਕ੍ਰਾਂਤੀ ਗੌੜ ਨੇ 52 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ ਜਦਕਿ ਸਪਿੰਨ ਗੇਂਦਬਾਜ਼ ਸ੍ਰੀ ਚਰਨੀ ਨੇ ਦੋ ਵਿਕਟਾਂ ਝਟਕਾਈਆਂ। ਇੰਗਲੈਂਡ ਵੱਲੋਂ ਕਪਤਾਨ ਐੱਨ.ਸੀ. ਬਰੰਟ ਨੇ 98 ਦੌੜਾਂ ਤੇ ਐਮਾ ਲੈਂਬ ਨੇ 68 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 162 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਭਾਰਤ ਨੇ ਪੰਜ ਟੀ-20 ਮੈਚਾਂ ਦੀ ਲੜੀ 3-2 ਨਾਲ ਜਿੱਤੀ ਸੀ।ਭਾਰਤੀ ਕਪਤਾਨ ਹਰਮਨਪ੍ਰੀਤ ਦੇ ਕਰੀਅਰ ਦਾ ਇਹ ਸੱਤਵਾਂ ਤੇ ਇੰਗਲੈਂਡ ਖ਼ਿਲਾਫ਼ ਤੀਜਾ ਸੈਂਕੜਾ ਸੀ। ਆਪਣੀ ਸੈਂਕੜੇ ਵਾਲੀ ਪਾਰੀ ਵਿੱਚ ਉਸ ਨੇ 14 ਚੌਕੇ ਜੜੇ। ਇਸ ਦੌਰਾਨ ਹਰਮਨਪ੍ਰੀਤ ਨੇ ਇੱਕ ਦਿਨਾ ਮੈਚਾਂ ’ਚ ਆਪਣੀਆਂ 4,000 ਦੌੜਾਂ ਵੀ ਪੂਰੀਆਂ ਕੀਤੀਆਂ। ਮੈਚ ਦੌਰਾਨ ਭਾਰਤ ਵੱਲੋਂ ਸਮ੍ਰਿਤੀ ਮੰਧਾਨਾ ਤੇ ਹਰਲੀਨ ਦਿਓਲ ਨੇ 45-45 ਦੌੜਾਂ ਜਦਕਿ ਰਿਚਾ ਘੋਸ਼ ਨੇ 38 ਤੇ ਪੀ. ਰਾਵਲ ਨੇ 26 ਦੌੜਾਂ ਬਣਾਈਆਂ। ਸ਼ਾਨਦਾਰ ਪ੍ਰਦਰਸ਼ਨ ਲਈ ਹਰਮਨਪ੍ਰੀਤ ਕੌਰ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।