ਯੂਏਈ ਵਿੱਚ ਹੋਵੇਗਾ ਕ੍ਰਿਕਟ ਏਸ਼ੀਆ ਕੱਪ
ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਅੱਜ ਐਲਾਨ ਕੀਤਾ ਕਿ ਪੁਰਸ਼ਾਂ ਦਾ ਏਸ਼ੀਆ ਕੱਪ 9 ਤੋਂ 28 ਸਤੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਵੇਗਾ। ਇਹ ਟੀ-20 ਟੂਰਨਾਮੈਂਟ ਹੋਵੇਗਾ। ਖਬਰ ਏਜੰਸੀ ‘ਪੀਟੀਆਈ’ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਗੇੜ ਦਾ ਮੈਚ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ ਅਤੇ ਦੋਵੇਂ ਟੀਮਾਂ ‘ਸੁਪਰ 4’ ਮੈਚ ਵਿੱਚ ਵੀ ਇੱਕ-ਦੂਜੇ ਦੇ ਸਾਹਮਣੇ ਹੋ ਸਕਦੀਆਂ ਹਨ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 10 ਸਤੰਬਰ ਨੂੰ ਯੂਏਈ ਖ਼ਿਲਾਫ਼ ਕਰੇਗਾ ਅਤੇ ਉਸ ਦੇ ਸਾਰੇ ਮੈਚ ਦੁਬਈ ਵਿੱਚ ਹੀ ਹੋਣ ਦੀ ਸੰਭਾਵਨਾ ਹੈ। ਭਾਰਤ, ਪਾਕਿਸਤਾਨ, ਯੂਏਈ ਅਤੇ ਓਮਾਨ ਨੂੰ ਗਰੁੱਪ ‘ਏ’ ਵਿੱਚ ਰੱਖਿਆ ਗਿਆ ਹੈ, ਜਦਕਿ ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਗਰੁੱਪ ‘ਬੀ’ ਵਿੱਚ ਹਨ।
ਏਸੀਸੀ 19 ਮੈਚਾਂ ਦੇ ਟੂਰਨਾਮੈਂਟ ਲਈ 17 ਮੈਂਬਰੀ ਟੀਮ ਦੀ ਇਜਾਜ਼ਤ ਦੇਵੇਗਾ ਅਤੇ ਮੈਚ ਦੁਬਈ ਅਤੇ ਅਬੂਧਾਬੀ ਵਿੱਚ ਖੇਡੇ ਜਾਣਗੇ। ਨਕਵੀ, ਜੋ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਵੀ ਹਨ, ਨੇ ਐਕਸ ’ਤੇ ਰਸਮੀ ਐਲਾਨ ਵਿੱਚ ਕਿਹਾ, ‘ਮੈਨੂੰ ਯੂਏਈ ਵਿੱਚ ਏਸੀਸੀ ਪੁਰਸ਼ ਏਸ਼ੀਆ ਕੱਪ 2025 ਦੀਆਂ ਤਰੀਕਾਂ ਦੀ ਪੁਸ਼ਟੀ ਕਰਦਿਆਂ ਖੁਸ਼ੀ ਹੋ ਰਹੀ ਹੈ। ਇਹ ਵੱਕਾਰੀ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਖੇਡਿਆ ਜਾਵੇਗਾ। ਇਸ ਦਾ ਪੂਰਾ ਸ਼ਡਿਊਲ ਜਲਦੀ ਹੀ ਜਾਰੀ ਕੀਤਾ ਜਾਵੇਗਾ।’ ਏਸ਼ੀਆ ਕੱਪ ਦੇ ਸਥਾਨ ਦਾ ਫੈਸਲਾ 24 ਜੁਲਾਈ ਨੂੰ ਏਸੀਸੀ ਦੀ ਮੀਟਿੰਗ ਵਿੱਚ ਲਿਆ ਗਿਆ ਸੀ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਕੋਲ ਹੈ ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਦੋਵੇਂ ਦੇਸ਼ 2027 ਤੱਕ ਟੂਰਨਾਮੈਂਟ ਕਿਸੇ ਤੀਜੇ ਦੇਸ਼ ਵਿੱਚ ਕਰਵਾਉਣ ਲਈ ਸਹਿਮਤੀ ਦੇ ਚੁੱਕੇ ਹਨ, ਜਿਸ ਕਰਕੇ ਇਹ ਟੂਰਨਾਮੈਂਟ ਯੂਏਈ ਵਿੱਚ ਕਰਵਾਇਆ ਜਾ ਰਿਹਾ ਹੈ।