ਸ਼ਤਰੰਜ: ਅਰਜੁਨ ਨੂੰ ਗਰੈਂਡ ਸਵਿਸ ਲਈ ਪਹਿਲਾ ਦਰਜਾ ਮਿਲਿਆ
ਨਵੀਂ ਦਿੱਲੀ, 8 ਜੁਲਾਈ
ਭਾਰਤੀ ਸਟਾਰ ਅਰਜੁਨ ਏਰੀਗੈਸੀ ਅਤੇ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੂੰ 3 ਤੋਂ 16 ਸਤੰਬਰ ਤੱਕ ਉਜ਼ਬੇਕਿਸਤਾਨ ਵਿੱਚ ਹੋਣ ਵਾਲੇ ਚੌਥੇ ਫੀਡੇ ਗਰੈਂਡ ਸਵਿਸ ਸ਼ਤਰੰਜ ਟੂਰਨਾਮੈਂਟ ਲਈ ਕ੍ਰਮਵਾਰ ਪਹਿਲਾ ਅਤੇ ਦੂਜਾ ਦਰਜਾ ਦਿੱਤਾ ਗਿਆ ਹੈ। ਓਪਨ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਸਿਖਰ ’ਤੇ ਰਹਿਣ ਵਾਲੇ ਦੋ ਖਿਡਾਰੀ ਅਗਲੇ ਸਾਲ ਹੋਣ ਵਾਲੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨਗੇ। ਇਸ ਮੁਕਾਬਲੇ ਵਿੱਚ ਸਿਰਫ਼ ਉਹੀ ਖਿਡਾਰੀ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਨੇ ਜੁਲਾਈ 2024 ਤੋਂ ਜੂਨ 2025 ਵਿਚਾਲੇ 30 ਤੋਂ ਵੱਧ ਕਲਾਸੀਕਲ ਬਾਜ਼ੀਆਂ ਖੇਡੀਆਂ ਹੋਣ। ਇਸ ਕਾਰਨ ਸਾਬਕਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਅਤੇ ਵਿਸ਼ਵਨਾਥਨ ਆਨੰਦ ਵਰਗੇ ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸਾਬਕਾ ਵਿਸ਼ਵ ਚੈਂਪੀਅਨ ਡਿੰਗ ਲੀਰੇਨ ਅਤੇ ਫੈਬੀਆਨੋ ਕਾਰੂਆਨਾ ਵੀ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਣਗੇ।
ਇੱਕ ਹੋਰ ਭਾਰਤੀ ਆਰ ਪ੍ਰਗਨਾਨੰਦਾ ਨੂੰ ਚੌਥਾ ਦਰਜਾ ਦਿੱਤਾ ਗਿਆ ਹੈ। ਤੀਜਾ ਦਰਜਾ ਨੋਦਿਰਬੇਕ ਅਬਦੁਸਤੋਰੋਵ ਦਾ ਹੈ। ਇੱਕ ਹੋਰ ਸਟਾਰ ਨੌਜਵਾਨ ਖਿਡਾਰੀ 22 ਸਾਲਾ ਅਲੀਰੇਜ਼ਾ ਫਿਰੋਜ਼ਾ ਪੰਜਵੇਂ ਸਥਾਨ ’ਤੇ ਹੈ। ਇਨ੍ਹਾਂ ਤੋਂ ਇਲਾਵਾ ਓਪਨ ਵਰਗ ਵਿੱਚ ਇਆਨ ਨੇਪੋਮਨੀਆਚੀ, ਅਨੀਸ਼ ਗਿਰੀ, ਸ਼ਖਰੀਅਰ ਮਾਮੇਦਯਾਰੋਵ, ਲੇਵੋਨ ਅਰੋਨੀਅਨ ਅਤੇ ਵਲਾਦੀਮੀਰ ਫੇਡੋਸੀਵ ਹਿੱਸਾ ਲੈਣਗੇ।
ਗਰੈਂਡ ਸਵਿਸ ਸ਼ਤਰੰਜ ਕੈਲੰਡਰ ਦੇ ਸਭ ਤੋਂ ਅਹਿਮ ਟੂਰਨਾਮੈਂਟਾਂ ’ਚੋਂ ਇੱਕ ਹੈ ਕਿਉਂਕਿ ਇਹ ਕੈਂਡੀਡੇਟਸ ਟੂਰਨਾਮੈਂਟ ਦਾ ਰਾਹ ਪੱਧਰਾ ਕਰਦਾ ਹੈ। 2023 ਵਿੱਚ ਗਰੈਂਡ ਸਵਿਸ ਟੂਰਨਾਮੈਂਟ ਭਾਰਤ ਦੇ ਵਿਦਿਤ ਗੁਜਰਾਤੀ (ਓਪਨ) ਅਤੇ ਆਰ ਵੈਸ਼ਾਲੀ (ਮਹਿਲਾ) ਨੇ ਜਿੱਤਿਆ ਸੀ। ਇਸ ਵਾਰ ਮੁਕਾਬਲੇ ਦੀ ਇਨਾਮੀ ਰਾਸ਼ੀ ਵਧਾ ਦਿੱਤੀ ਗਈ ਹੈ। ਓਪਨ ਸ਼੍ਰੇਣੀ ਵਿੱਚ ਇਨਾਮੀ ਰਾਸ਼ੀ 6,25,000 ਅਮਰੀਕੀ ਡਾਲਰ ਹੈ। 2023 ਵਿੱਚ ਇਹ 4,60,000 ਅਮਰੀਕੀ ਡਾਲਰ ਸੀ। ਮਹਿਲਾ ਵਰਗ ਵਿੱਚ ਇਨਾਮੀ ਰਾਸ਼ੀ 2,30,000 ਅਮਰੀਕੀ ਡਾਲਰ ਹੋਵੇਗੀ, ਜੋ 2023 ’ਚ 1,40,000 ਅਮਰੀਕੀ ਡਾਲਰ ਸੀ। ਰੇਟਿੰਗ ਦੇ ਆਧਾਰ ’ਤੇ 44 ਖਿਡਾਰਨਾਂ ਨੇ ਮਹਿਲਾ ਗਰੈਂਡ ਸਵਿਸ ਲਈ ਕੁਆਲੀਫਾਈ ਕੀਤਾ ਹੈ। -ਪੀਟੀਆਈ