Champions Trophy ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਮੁਕਾਬਲਾ ਅੱਜ
ਲਾਹੌਰ, 22 ਫਰਵਰੀ
ਖਰਾਬ ਲੈਅ ਵਿੱਚ ਚੱਲ ਰਹੀ ਇੰਗਲੈਂਡ ਦੀ ਕ੍ਰਿਕਟ ਟੀਮ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਆਸਟਰੇਲੀਆ ਨਾਲ ਭਿੜੇਗੀ। ਆਸਟਰੇਲੀਆ ਵੀ ਸੱਟਾਂ ਕਾਰਨ ਆਪਣੇ ਮੁੱਖ ਖਿਡਾਰੀਆਂ ਤੋਂ ਬਿਨਾਂ ਖੇਡ ਰਿਹਾ ਹੈ। ਦੋਵੇਂ ਟੀਮਾਂ ਇੱਕ ਰੋਜ਼ਾ ਫਾਰਮੈਟ ਵਿੱਚ ਸੰਘਰਸ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਸ੍ਰੀਲੰਕਾ ਅਤੇ ਪਾਕਿਸਤਾਨ ਖ਼ਿਲਾਫ਼ ਆਖਰੀ ਦੋ ਲੜੀਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਇੰਗਲੈਂਡ ਵੀ 2023 ਵਿਸ਼ਵ ਕੱਪ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਕੋਈ ਲੜੀ ਨਹੀਂ ਜਿੱਤਿਆ। ਜੋਸ ਬਟਲਰ ਦੀ ਅਗਵਾਈ ਵਾਲੀ ਟੀਮ ਨੂੰ ਭਾਰਤ ਨੇ ਹਾਲ ਹੀ ਵਿੱਚ 3-0 ਨਾਲ ਹਰਾਇਆ ਸੀ।
ਆਖਰੀ ਵਾਰ ਸਤੰਬਰ 2024 ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਆਸਟਰੇਲੀਆ ਨੇ 3-2 ਨਾਲ ਜਿੱਤੀ ਸੀ। ਇਸ ਮਗਰੋਂ ਆਸਟਰੇਲੀਆ ਦੇ ਪੰਜ ਮੁੱਖ ਖਿਡਾਰੀ ਸੱਟਾਂ ਕਾਰਨ ਟੀਮ ਤੋਂ ਬਾਹਰ ਹੋ ਗਏ। ਉਸ ਦੇ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਪੈਟ ਕਮਿਨਸ, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਸੱਟਾਂ ਕਾਰਨ ਨਹੀਂ ਖੇਡ ਰਹੇ। ਹਰਫਨਮੌਲਾ ਮਿਸ਼ੇਲ ਸਟਾਰਕ ਅਤੇ ਕੈਮਰਨ ਗਰੀਨ ਵੀ ਸੱਟਾਂ ਕਾਰਨ ਬਾਹਰ ਹਨ। ਉਧਰ ਇੱਕ ਹੋਰ ਹਰਫਨਮੌਲਾ ਖਿਡਾਰੀ ਮਾਰਕਸ ਸਟੋਇਨਸ ਨੇ ਅਚਾਨਕ ਇੱਕ ਰੋਜ਼ਾ ਕ੍ਰਿਕਟ ਨੂੰ ਸੰਨਿਆਸ ਕਹਿ ਦਿੱਤਾ ਹੈ। ਅਜਿਹੇ ਵਿੱਚ ਸਟੀਵ ਸਮਿਥ ਦੀ ਅਗਵਾਈ ਵਾਲੀ ਟੀਮ ਦੀ ਚੰਗੀ ਪਰਖ ਹੋਵੇਗੀ। ਮਾਰਸ਼ ਦੀ ਗੈਰਹਾਜ਼ਰੀ ਵਿੱਚ ਸਮਿਥ ਤੀਜੇ ਨੰਬਰ ’ਤੇ ਉੱਤਰ ਸਕਦਾ ਹੈ ਅਤੇ ਉਸ ਨੂੰ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਣੀ ਪਵੇਗੀ। ਹਮਲਾਵਰ ਬੱਲੇਬਾਜ਼ ਟਰੈਵਿਸ ਹੱਡ ’ਤੇ ਵੀ ਨਜ਼ਰ ਹੋਵੇਗੀ।
ਇੰਗਲੈਂਡ ਦੀ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਜੋਫਰਾ ਆਰਚਰ, ਮਾਰਕ ਵੁੱਡ ਅਤੇ ਬ੍ਰਾਈਡਨ ਕਾਰਸ ਹੱਥ, ਜਦਕਿ ਸਪਿੰਨ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਆਦਿਲ ਰਸ਼ੀਦ ਦੇ ਹੱਥ ਹੈ। ਜੋਅ ਰੂਟ ਇੰਗਲੈਂਡ ਦੀ ਬੱਲੇਬਾਜ਼ੀ ਦਾ ਧੁਰਾ ਹੈ। -ਪੀਟੀਆਈ