Champions Trophy 2025: ਭਾਰਤ ਤੇ ਪਾਕਿਸਤਾਨ ਮੁਕਾਬਲੇ ਦੀਆਂ ਟਿਕਟਾਂ ਇੱਕ ਘੰਟੇ ਵਿੱਚ ਵਿਕੀਆਂ
ਰਵਾਇਤੀ ਵਿਰੋਧੀਆਂ ਦਰਮਿਆਨ 23 ਨੂੰ ਹੋਵੇਗਾ ਮੁਕਾਬਲਾ
ਦੁਬਈ, 3 ਫਰਵਰੀ
ਦੁਬਈ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਰਵਾਇਤੀ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਕ੍ਰਿਕਟ ਮੁਕਾਬਲੇ ਦੀਆਂ ਟਿਕਟਾਂ ਇੱਕ ਘੰਟੇ ਵਿੱਚ ਹੀ ਵਿਕ ਗਈਆਂ। ਇਸ ਮੈਚ ਦੀਆਂ ਟਿਕਟਾਂ ਦੀ ਵਿਕਰੀ ਵੇਲੇ ਵੱਡੀ ਗਿਣਤੀ ਲੋਕ ਆਨਲਾਈਨ ਮੰਚਾਂ ’ਤੇ ਇਕੱਠੇ ਹੋਏ ਤੇ ਆਨਲਾਈਨ ਵਿਕਰੀ ਸ਼ੁਰੂ ਹੋੋਣ ਵੇਲੇ 1,50,000 ਤੋਂ ਵੱਧ ਲੋਕ ਉਤਸੁਕਤਾ ਨਾਲ ਉਡੀਕ ਕਰਦੇ ਰਹੇ ਜਿਸ ਕਾਰਨ ਇਕ ਘੰਟੇ ਵਿਚ ਵੀ ਸਾਰੀਆਂ ਟਿਕਟਾਂ ਵਿਕ ਗਈਆਂ।
ਭਾਰਤ ਬਨਾਮ ਪਾਕਿਸਤਾਨ ਮੈਚ 23 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਇਹ 2025 ਚੈਂਪੀਅਨਜ਼ ਟਰਾਫੀ ਦਾ ਇੱਕ ਗਰੁੱਪ-ਮੈਚ ਹੈ ਜੋ ਪਾਕਿਸਤਾਨ ਅਤੇ ਯੂਏਈ ਵਿੱਚ ਹਾਈਬ੍ਰਿਡ ਮੋਡ ’ਤੇ ਕਰਵਾਇਆ ਜਾਵੇਗਾ। ਦੁਬਈ ਨਿਵਾਸੀ ਸੁਧਾਸ੍ਰੀ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ, ‘ਮੈਨੂੰ ਪਤਾ ਸੀ ਕਿ ਇਸ ਮੈਚ ਦੀਆਂ ਟਿਕਟਾਂ ਲੈਣ ਲਈ ਵੱਡੀ ਗਿਣਤੀ ਲੋਕ ਆਨਲਾਈਨ ਜੁੜੇ ਹੋਣਗੇ ਪਰ ਜਿਸ ਰਫਤਾਰ ਨਾਲ ਟਿਕਟਾਂ ਵਿਕੀਆਂ ਉਹ ਹੈਰਾਨ ਕਰਨ ਵਾਲਾ ਸੀ। ਜਦੋਂ ਤੱਕ ਮੈਂ ਟਿਕਟ ਲੈਣ ਲਈ ਪੁੱਜਿਆ ਤਾਂ ਸਿਰਫ ਦੋ ਸ਼੍ਰੇਣੀਆਂ ਰਹਿ ਗਈਆਂ ਤੇ ਇਹ ਦੋਵੇਂ ਮੇਰੇ ਬਜਟ ਤੋਂ ਬਾਹਰ ਸਨ।’ -ਆਈਏਐਨਐਸ

