ਬੀ ਐੱਸ ਐੱਫ ਜਲੰਧਰ ਅਤੇ ਕੈਗ ਦਿੱਲੀ 2-2 ਨਾਲ ਬਰਾਬਰ
ਇੰਡੀਅਨ ਨੇਵੀ ਮੁੰਬਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-2 ਨਾਲ ਹਰਾਇਆ; 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਲੀਗ ਗੇਡ਼ ਦੇ ਦੋ ਮੈਚ ਖੇਡੇ
ਇੰਡੀਅਨ ਨੇਵੀ ਮੁੰਬਈ ਨੇ ਸਖ਼ਤ ਮੁਕਾਬਲੇ ਮਗਰੋਂ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-2 ਨਾਲ ਹਰਾ ਕੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਲੀਗ ਗੇੜ ਦੇ ਦੋ ਮੈਚ ਖੇਡੇ ਗਏ।
ਪਹਿਲਾ ਮੈਚ ਪੂਲ ‘ਏ’ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਇੰਡੀਅਨ ਨੇਵੀ ਦਰਮਿਆਨ ਖੇਡਿਆ ਗਿਆ। ਖੇਡ ਦੇ 10ਵੇਂ ਮਿੰਟ ਵਿੱਚ ਕਪੂਰਥਲਾ ਦੇ ਜੋਗਿਬਰ ਰਾਵਤ ਨੇ ਗੋਲ ਕਰ ਕੇ ਸਕੋਰ 1-0 ਕੀਤਾ। ਇੰਡੀਅਨ ਨੇਵੀ ਵੱਲੋਂ ਖੇਡ ਦੇ 15ਵੇਂ ਮਿੰਟ ਵਿੱਚ ਨਿਤੀਸ਼ ਨੇ ਗੋਲ ਕਰ ਕੇ ਬਰਾਬਰੀ ਕੀਤੀ। ਇਸ ਤੋਂ ਬਾਅਦ ਕਪੂਰਥਲਾ ਦੇ ਚਰਨਜੀਤ ਸਿੰਘ ਨੇ ਗੋਲ ਕਰ ਕੇ ਸਕੋਰ 2-1 ਕੀਤਾ। 34ਵੇਂ ਮਿੰਟ ਵਿੱਚ ਨੇਵੀ ਦੇ ਸੁਸ਼ੀਲ ਧਨਵਰ ਨੇ ਗੋਲ ਕਰ ਕੇ ਸਕੋਰ 2-2 ਕੀਤਾ। ਖੇਡ ਦੇ 41ਵੇਂ ਮਿੰਟ ਵਿੱਚ ਸੁੰਦਰਾ ਪਾਂਡੇ ਦੇ ਗੋਲ ਨਾਲ ਇੰਡੀਅਨ ਨੇਵੀ ਨੇ ਮੈਚ 3-2 ਨਾਲ ਜਿੱਤ ਲਿਆ।
ਦੂਜਾ ਮੈਚ ਪੂਲ ‘ਸੀ’ ਵਿੱਚ ਕੈਗ ਦਿੱਲੀ ਅਤੇ ਬੀ ਐੱਸ ਐੱਫ ਜਲੰਧਰ ਦਰਮਿਆਨ ਖੇਡਿਆ ਗਿਆ। ਬੀ ਐੱਸ ਐੱਫ ਵੱਲੋਂ ਖੇਡ ਦੇ ਤੀਜੇ ਮਿੰਟ ਵਿੱਚ ਕਮਲਜੀਤ ਸਿੰਘ ਨੇ ਅਤੇ 36ਵੇਂ ਮਿੰਟ ਵਿੱਚ ਹਤਿੰਦਰ ਸਿੰਘ ਨੇ ਗੋਲ ਕਰ ਕੇ ਸਕੋਰ 2-0 ਕੀਤਾ। ਖੇਡ ਦੇ 58ਵੇਂ ਮਿੰਟ ਵਿੱਚ ਮਨਜੀਤ ਅਤੇ 60ਵੇਂ ਮਿੰਟ ਵਿੱਚ ਰੋਸ਼ਨ ਕੁਮਾਰ ਨੇ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕੀਤਾ। ਮੈਚ ਬਰਾਬਰ ਰਹਿਣ ਕਰ ਕੇ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਅੱਜ ਦੇ ਮੈਚ ਦੇ ਮੁੱਖ ਮਹਿਮਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਓਲੰਪੀਅਨ ਹਰਮਨਪ੍ਰੀਤ ਸਿੰਘ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਗੁੱਲੂ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਅੱਜ ਹੋਣ ਵਾਲੇ ਮੈਚ
ਇੰਡੀਅਨ ਏਅਰ ਫੋਰਸ ਬਨਾਮ ਪੰਜਾਬ ਪੁਲੀਸ - ਸ਼ਾਮ 4.30 ਵਜੇ
ਭਾਰਤੀ ਰੇਲਵੇ ਬਨਾਮ ਸੀ ਆਰ ਪੀ ਐੱਫ - ਸ਼ਾਮ 5.45 ਵਜੇ

