ਅਸਤਾਨਾ, 6 ਜੁਲਾਈ
ਦੋ ਵਾਰ ਦੀ ਯੁਵਾ ਵਿਸ਼ਵ ਚੈਂਪੀਅਨ ਸਾਕਸ਼ੀ ਨੇ ਅੱਜ ਇੱਥੇ ਦੂਜੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਮਹਿਲਾ 54 ਕਿਲੋ ਭਾਰਗ ਵਰਗ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ। 24 ਸਾਲਾ ਸਾਕਸ਼ੀ ਨੇ ਹਮਲਾਵਰ ਖੇਡ ਦਿਖਾਈ ਅਤੇ ਅਮਰੀਕਾ ਦੀ ਯੋਸਲਿਨ ਪੇਰੇਜ਼ ਖ਼ਿਲਾਫ਼ ਜਿੱਤ ਦਰਜ ਕੀਤੀ।
ਭਾਰਤੀ ਦਲ ਇੱਥੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 11 ਤਗਮੇ ਪੱਕੇ ਕਰ ਚੁੱਕਾ ਹੈ। ਭਾਰਤ ਨੇ ਬ੍ਰਾਜ਼ੀਲ ਵਿੱਚ ਪਹਿਲੇ ਪੜਾਅ ਵਿੱਚ ਇੱਕ ਸੋਨ ਅਤੇ ਇੱਕ ਚਾਂਦੀ ਸਮੇਤ ਛੇ ਤਗਮੇ ਜਿੱਤੇ ਸਨ।
ਪਹਿਲੇ ਸੈਸ਼ਨ ਵਿੱਚ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ ਸਾਕਸ਼ੀ ਨੇ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਮੀਨਾਕਸ਼ੀ ਨੇ 48 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਸਥਾਨਕ ਦਾਅਵੇਦਾਰ ਨਾਜ਼ਿਮ ਕੈਜ਼ਾਈਬੇ ਨੂੰ ਸਖ਼ਤ ਟੱਕਰ ਦਿੱਤੀ ਪਰ 2-3 ਦੇ ਫੈਸਲੇ ਨਾਲ ਹਾਰ ਗਈ। ਜੁਗਨੂ ਨੂੰ ਪੁਰਸ਼ਾਂ ਦੇ 85 ਕਿਲੋ ਭਾਰ ਵਰਗ ਅਤੇ ਪੂਜਾ ਰਾਣੀ ਨੂੰ ਮਹਿਲਾਵਾਂ ਦੇ 80 ਕਿਲੋ ਵਰਗ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਜੁਗਨੂ ਨੂੰ ਕਜ਼ਾਖਸਤਾਨ ਦੇ ਬੇਕਜ਼ਾਦ ਨੂਰਦਾਊਲੇਤੋਵ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਪੂਜਾ ਆਸਟਰੇਲੀਆ ਦੀ ਏਸਿਤਾ ਵੀ ਫਲਿੰਟ ਤੋਂ ਇਸੇ ਫਰਕ ਨਾਲ ਹਾਰ ਗਈ। -ਪੀਟੀਆਈ